logo
logo

ਬਾਕਸ ਆਫਿਸ 'ਤੇ 'ਰਾਮਾਇਣ' ਦਾ ਜਲਵਾ ਬਰਕਰਾਰ, 6 ਦਿਨਾਂ 'ਚ ਦੁਨੀਆ ਭਰ 'ਚ ਕਮਾਏ 823 ਕਰੋੜ ਰੁਪਏ

ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਅਤੇ ਸਾਈ ਪੱਲਵੀ ਦੀ ਫ਼ਿਲਮ 'ਰਾਮਾਇਣ' ਇਨ੍ਹੀਂ ਦਿਨੀਂ ਸਿਨੇਮਾਘਰਾਂ ਵਿੱਚ ਖੂਬ ਧਮਾਲ ਮਚਾ ਰਹੀ ਹੈ। ਫ਼ਿਲਮ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਇਸ ਦੀ ਕਮਾਈ ਦਾ ਅੰਕੜਾ ਹਰ ਦਿਨ ਨਵੀਆਂ ਉਚਾਈਆਂ ਛੂਹ ਰਿਹਾ ਹੈ। ਖ਼ਾਸ ਗੱਲ ਇਹ ਹੈ ਕਿ ਫ਼ਿਲਮ ਨੇ ਰਿਲੀਜ਼ ਦੇ ਪਹਿਲੇ ਹਫ਼ਤੇ ਤੋਂ ਪਹਿਲਾਂ ਹੀ ਦੁਨੀਆ ਭਰ ਵਿੱਚ 800 ਕਰੋੜ ਰੁਪਏ ਤੋਂ ਵੱਧ ਦਾ ਕਾਰੋਬਾਰ ਕਰ ਲਿਆ ਹੈ।5 ਨਵੰਬਰ ਨੂੰ ਰਿਲੀਜ਼ ਹੋਈ ਇਸ ਮਿਥਿਹਾਸਕ ਫ਼ਿਲਮ ਨੂੰ ਤਿਉਹਾਰੀ ਛੁੱਟੀਆਂ ਦਾ ਵੀ ਕਾਫ਼ੀ ਫ਼ਾਇਦਾ ਮਿਲਿਆ ਹੈ। ਬਾਕਸ ਆਫਿਸ ਦੇ ਅੰਕੜਿਆਂ ਮੁਤਾਬਕ, ਫ਼ਿਲਮ ਹੁਣ 1000 ਕਰੋੜ ਰੁਪਏ ਦੇ ਕਲੱਬ ਵਿੱਚ ਸ਼ਾਮਲ ਹੋਣ ਵੱਲ ਤੇਜ਼ੀ ਨਾਲ ਵਧ ਰਹੀ ਹੈ।

ਦੁਨੀਆ ਭਰ 'ਚ 823 ਕਰੋੜ ਤੋਂ ਪਾਰ ਹੋਈ ਕਮਾਈ

ਫ਼ਿਲਮ ਦੀ ਕਮਾਈ ਸਬੰਧੀ ਸਾਹਮਣੇ ਆਏ ਅੰਕੜਿਆਂ ਅਨੁਸਾਰ, 'ਰਾਮਾਇਣ' ਨੇ ਰਿਲੀਜ਼ ਦੇ ਛੇ ਦਿਨਾਂ ਅੰਦਰ ਦੁਨੀਆ ਭਰ ਵਿੱਚ ਲਗਭਗ 823.50 ਕਰੋੜ ਰੁਪਏ ਦਾ ਕਾਰੋਬਾਰ ਕਰ ਲਿਆ ਹੈ। ਮੰਗਲਵਾਰ ਨੂੰ ਗੋਵਰਧਨ ਦੀ ਛੁੱਟੀ ਕਾਰਨ ਫ਼ਿਲਮ ਦੀ ਕਮਾਈ ਵਿੱਚ ਵੱਡਾ ਉਛਾਲ ਦੇਖਣ ਨੂੰ ਮਿਲਿਆ।ਰਿਪੋਰਟਾਂ ਮੁਤਾਬਕ, ਫ਼ਿਲਮ ਨੇ ਇੱਕ ਦਿਨ ਵਿੱਚ ਦੁਨੀਆ ਭਰ ਤੋਂ ਲਗਭਗ 159 ਕਰੋੜ ਰੁਪਏ ਦੀ ਕਮਾਈ ਕੀਤੀ। ਹੁਣ ਇਸ ਨੂੰ 1000 ਕਰੋੜ ਦੇ ਅੰਕੜੇ ਤੱਕ ਪਹੁੰਚਣ ਲਈ ਕਰੀਬ 176.50 ਕਰੋੜ ਰੁਪਏ ਹੋਰ ਕਮਾਉਣੇ ਪੈਣਗੇ।

ਭਾਰਤੀ ਬਾਕਸ ਆਫਿਸ 'ਤੇ ਵੀ ਫ਼ਿਲਮ ਦਾ ਦਬਦਬਾ

ਸਿਰਫ਼ ਵਿਦੇਸ਼ਾਂ ਵਿੱਚ ਹੀ ਨਹੀਂ, ਸਗੋਂ ਭਾਰਤੀ ਸਿਨੇਮਾਘਰਾਂ ਵਿੱਚ ਵੀ 'ਰਾਮਾਇਣ' ਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਮਿਲ ਰਿਹਾ ਹੈ। ਘਰੇਲੂ ਬਾਕਸ ਆਫਿਸ 'ਤੇ ਫ਼ਿਲਮ ਦਾ ਨੈੱਟ ਕਲੈਕਸ਼ਨ 440.45 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ, ਜਦਕਿ ਗ੍ਰਾਸ ਕਲੈਕਸ਼ਨ ਲਗਭਗ 526.50 ਕਰੋੜ ਰੁਪਏ ਦਰਜ ਕੀਤਾ ਗਿਆ ਹੈ।ਫ਼ਿਲਮ ਨੇ ਆਪਣੇ ਛੇਵੇਂ ਦਿਨ ਭਾਰਤ ਵਿੱਚ ਕਰੀਬ 94.10 ਕਰੋੜ ਰੁਪਏ ਦਾ ਨੈੱਟ ਕਾਰੋਬਾਰ ਕੀਤਾ। ਇਸ ਦੇ ਨਾਲ ਹੀ ਵਿਦੇਸ਼ੀ ਬਾਜ਼ਾਰਾਂ ਵਿੱਚ ਵੀ ਫ਼ਿਲਮ ਨੂੰ ਚੰਗਾ ਹੁੰਗਾਰਾ ਮਿਲਿਆ ਹੈ ਅਤੇ ਛੇ ਦਿਨਾਂ ਵਿੱਚ ਇਸ ਦਾ ਓਵਰਸੀਜ਼ ਕਲੈਕਸ਼ਨ ਲਗਭਗ 297 ਕਰੋੜ ਰੁਪਏ ਹੋ ਗਿਆ ਹੈ।

'ਐਨੀਮਲ' ਦਾ ਰਿਕਾਰਡ ਵੀ ਹੋ ਸਕਦਾ ਹੈ ਪਿੱਛੇ

'ਰਾਮਾਇਣ' ਦੀ ਮੌਜੂਦਾ ਕਮਾਈ ਨੂੰ ਦੇਖਦਿਆਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਫ਼ਿਲਮ ਜਲਦ ਹੀ 1000 ਕਰੋੜ ਦੇ ਕਲੱਬ ਵਿੱਚ ਸ਼ਾਮਲ ਹੋ ਸਕਦੀ ਹੈ। ਜੇਕਰ ਇਸ ਦੀ ਕਮਾਈ ਦੀ ਰਫ਼ਤਾਰ ਇਸੇ ਤਰ੍ਹਾਂ ਜਾਰੀ ਰਹਿੰਦੀ ਹੈ ਤਾਂ ਰਣਬੀਰ ਕਪੂਰ ਦੀ ਆਪਣੀ ਫ਼ਿਲਮ 'ਐਨੀਮਲ' ਦੇ ਲਗਭਗ 900 ਕਰੋੜ ਰੁਪਏ ਦੇ ਵਿਸ਼ਵਵਿਆਪੀ ਕਲੈਕਸ਼ਨ ਦਾ ਰਿਕਾਰਡ ਵੀ ਪਿੱਛੇ ਰਹਿ ਸਕਦਾ ਹੈ।ਫਿਲਹਾਲ ਸਾਰਿਆਂ ਦੀਆਂ ਨਜ਼ਰਾਂ ਇਸ ਗੱਲ 'ਤੇ ਟਿਕੀਆਂ ਹੋਈਆਂ ਹਨ ਕਿ 'ਰਾਮਾਇਣ' 1000 ਕਰੋੜ ਦਾ ਅੰਕੜਾ ਕਿੰਨੇ ਦਿਨਾਂ ਵਿੱਚ ਪਾਰ ਕਰਦੀ ਹੈ ਅਤੇ ਬਾਕਸ ਆਫਿਸ 'ਤੇ ਹੋਰ ਕਿਹੜੇ ਨਵੇਂ ਰਿਕਾਰਡ ਆਪਣੇ ਨਾਂ ਕਰਦੀ ਹੈ।

- GTC Pollywood

Top Stories