logo
logo

ਸੋਨਾ ਮਹਾਪਾਤਰਾ ਨੇ ਸਲਮਾਨ ਖ਼ਾਨ 'ਤੇ ਕੱਸਿਆ ਤੰਜ਼, ਗਾਇਕੀ ਦਾ ਉਡਾਇਆ ਮਜ਼ਾਕ, ਪੁਰਾਣੇ ਵਿਵਾਦ ਨੂੰ ਲੈ ਕੇ ਵੀ ਖੋਲ੍ਹੇ ਰਾਜ਼

ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਇੱਕ ਵਾਰ ਫਿਰ ਆਪਣੇ ਗੀਤ ਨੂੰ ਲੈ ਕੇ ਚਰਚਾ ਵਿੱਚ ਆ ਗਏ ਹਨ। ਇਸ ਵਾਰ ਮਸ਼ਹੂਰ ਗਾਇਕਾ ਸੋਨਾ ਮਹਾਪਾਤਰਾ ਨੇ ਉਨ੍ਹਾਂ ਦੀ ਗਾਇਕੀ ਅਤੇ ਗੀਤ ਦੇ ਬੋਲਾਂ 'ਤੇ ਤਿੱਖੀ ਟਿੱਪਣੀ ਕੀਤੀ ਹੈ। ਸੋਨਾ ਨੇ ਨਾ ਸਿਰਫ਼ ਸਲਮਾਨ ਦੇ ਨਵੇਂ ਗੀਤ 'ਤੇ ਸਵਾਲ ਚੁੱਕੇ, ਸਗੋਂ ਦੋਵਾਂ ਵਿਚਾਲੇ ਸਾਲ 2016 ਵਿੱਚ ਹੋਏ ਵਿਵਾਦ ਨੂੰ ਵੀ ਯਾਦ ਕੀਤਾ ਹੈ।ਦਰਅਸਲ, ਸੋਨਾ ਮਹਾਪਾਤਰਾ ਨੇ ਆਪਣੇ ਸੰਗੀਤਕ ਸਫ਼ਰ ਦੇ 20 ਸਾਲ ਪੂਰੇ ਹੋਣ ਮੌਕੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸਾਂਝੀ ਕੀਤੀ। ਇਸ ਪੋਸਟ ਰਾਹੀਂ ਉਨ੍ਹਾਂ ਨੇ ਆਪਣੇ ਕਰੀਅਰ ਦੇ ਤਜਰਬੇ ਸਾਂਝੇ ਕਰਦਿਆਂ ਦੱਸਿਆ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਫ਼ਿਲਮ ਇੰਡਸਟਰੀ ਵਿੱਚ ਆਪਣੀ ਵੱਖਰੀ ਪਛਾਣ ਬਣਾਉਣ ਦਾ ਰਾਹ ਚੁਣਿਆ।

ਸਲਮਾਨ ਖ਼ਾਨ ਨਾਲ ਪੁਰਾਣੇ ਵਿਵਾਦ ਦਾ ਕੀਤਾ ਜ਼ਿਕਰ

ਸੋਨਾ ਮਹਾਪਾਤਰਾ ਨੇ ਸਾਲ 2016 ਦੀ ਉਸ ਘਟਨਾ ਨੂੰ ਵੀ ਯਾਦ ਕੀਤਾ, ਜਦੋਂ ਉਨ੍ਹਾਂ ਨੇ ਸਲਮਾਨ ਖ਼ਾਨ ਦੀ ਇੱਕ ਟਿੱਪਣੀ ਦੀ ਆਲੋਚਨਾ ਕੀਤੀ ਸੀ। ਗਾਇਕਾ ਮੁਤਾਬਕ, ਇਸ ਤੋਂ ਬਾਅਦ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ, ਉਨ੍ਹਾਂ ਦੀਆਂ ਤਸਵੀਰਾਂ ਨਾਲ ਛੇੜਛਾੜ ਕਰਕੇ ਇਤਰਾਜ਼ਯੋਗ ਰੂਪ ਵਿੱਚ ਫੈਲਾਇਆ ਗਿਆ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਅਪਮਾਨਜਨਕ ਸੰਦੇਸ਼ ਭੇਜੇ ਗਏ।ਗਾਇਕਾ ਨੇ ਇਹ ਵੀ ਸਵਾਲ ਚੁੱਕਿਆ ਕਿ ਕੀ ਸਫ਼ਲਤਾ ਦਾ ਮਤਲਬ ਸਿਰਫ਼ ਤਾਕਤਵਰ ਲੋਕਾਂ ਦੇ ਨੇੜੇ ਰਹਿਣਾ ਜਾਂ ਉਨ੍ਹਾਂ ਦੇ ਪ੍ਰਭਾਵ ਹੇਠ ਕੰਮ ਕਰਨਾ ਹੈ? ਉਨ੍ਹਾਂ ਦਾ ਮੰਨਣਾ ਹੈ ਕਿ ਆਪਣੀ ਮਿਹਨਤ ਨਾਲ ਵੱਖਰੀ ਪਛਾਣ ਬਣਾਉਣਾ ਵੀ ਸਫ਼ਲਤਾ ਦਾ ਇੱਕ ਮਹੱਤਵਪੂਰਨ ਰਸਤਾ ਹੈ।

ਸਲਮਾਨ ਦੇ ਨਵੇਂ ਗੀਤ 'ਤੇ ਵੀ ਕੀਤੀ ਟਿੱਪਣੀ

ਸੋਨਾ ਮਹਾਪਾਤਰਾ ਨੇ ਸਲਮਾਨ ਖ਼ਾਨ ਦੇ ਹਾਲ ਹੀ ਵਿੱਚ ਰਿਲੀਜ਼ ਹੋਏ ਗੀਤ 'ਤੇ ਵੀ ਤਨਜ਼ ਕੱਸਿਆ ਹੈ। ਉਨ੍ਹਾਂ ਨੇ ਗੀਤ ਦੇ ਬੋਲਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਜਿਸ ਫ਼ਿਲਮ ਨੂੰ ਦੇਸ਼ ਦੇ ਜਵਾਨਾਂ ਦੀਆਂ ਕੁਰਬਾਨੀਆਂ ਤੋਂ ਪ੍ਰੇਰਿਤ ਦੱਸਿਆ ਜਾ ਰਿਹਾ ਹੈ, ਉਸ ਵਿੱਚ ਸੁਪਰਸਟਾਰ ਵੱਲੋਂ ਦੋ ਪੈਗ ਲਗਾਉਣ ਅਤੇ ਹਵਾਈ ਜਹਾਜ਼ ਬਣਨ ਵਰਗੀਆਂ ਗੱਲਾਂ ਗਾਈਆਂ ਜਾ ਰਹੀਆਂ ਹਨ।ਆਪਣੀ ਪੋਸਟ ਵਿੱਚ ਉਨ੍ਹਾਂ ਨੇ ਸਲਮਾਨ ਖ਼ਾਨ ਨੂੰ ਸੰਬੋਧਨ ਕਰਦਿਆਂ ਇਹ ਵੀ ਲਿਖਿਆ ਕਿ ਉਨ੍ਹਾਂ ਨੂੰ ਬਾਲੀਵੁੱਡ ਵਿੱਚ ਕੁਝ ਮੌਕੇ ਨਾ ਮਿਲਣ ਦਾ ਕੋਈ ਪਛਤਾਵਾ ਨਹੀਂ ਹੈ। ਉਨ੍ਹਾਂ ਨੇ ਆਪਣੇ ਵੱਖਰੇ ਸੰਗੀਤਕ ਸਫ਼ਰ ਨੂੰ ਹੀ ਆਪਣੀ ਪ੍ਰਾਪਤੀ ਦੱਸਿਆ।

'ਮਾਤ੍ਰਭੂਮੀ' ਦੇ ਗੀਤ ਨੂੰ ਲੈ ਕੇ ਚਰਚਾ

ਜ਼ਿਕਰਯੋਗ ਹੈ ਕਿ ਸਲਮਾਨ ਖ਼ਾਨ ਦੀ ਆਉਣ ਵਾਲੀ ਫ਼ਿਲਮ 'ਮਾਤ੍ਰਭੂਮੀ: ਮੇ ਵਾਰ ਰੈਸਟ ਇਨ ਪੀਸ' ਨੂੰ ਲੈ ਕੇ ਵੀ ਚਰਚਾ ਚੱਲ ਰਹੀ ਹੈ। ਇਸ ਫ਼ਿਲਮ ਵਿੱਚ ਸਲਮਾਨ ਦੇ ਨਾਲ ਅਦਾਕਾਰਾ ਚਿਤਰਾਂਗਦਾ ਸਿੰਘ ਨਜ਼ਰ ਆਵੇਗੀ। ਫ਼ਿਲਮ ਦਾ ਗੀਤ 'ਤੇਰੀ ਸੈਕਸੀ ਬਿਊਟੀ' ਰਿਲੀਜ਼ ਹੋਣ ਤੋਂ ਬਾਅਦ ਸੋਨਾ ਮਹਾਪਾਤਰਾ ਦੀ ਇਹ ਟਿੱਪਣੀ ਸਾਹਮਣੇ ਆਈ ਹੈ।ਫਿਲਹਾਲ ਸੋਨਾ ਦੀ ਇਸ ਪੋਸਟ ਨੇ ਸਲਮਾਨ ਖ਼ਾਨ ਦੀ ਗਾਇਕੀ ਅਤੇ ਬਾਲੀਵੁੱਡ ਵਿੱਚ ਸਫ਼ਲਤਾ ਦੇ ਮਾਪਦੰਡਾਂ ਨੂੰ ਲੈ ਕੇ ਨਵੀਂ ਬਹਿਸ ਛੇੜ ਦਿੱਤੀ ਹੈ।

- GTC Pollywood

Top Stories