logo
logo

ਜਹਾਜ਼ ’ਚ ਗਿੱਪੀ ਗਰੇਵਾਲ ਨਾਲ ਸੀਟ ਨੂੰ ਲੈ ਕੇ ਵਿਵਾਦ, ਬਿਜ਼ਨਸ ਕਲਾਸ ਦੀ ਟਿਕਟ ਦੇ ਬਾਵਜੂਦ ਇਕਾਨਮੀ ’ਚ ਬਿਠਾਉਣ ਦਾ ਦੋਸ਼

ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਨੇ ਏਅਰ ਕੈਨੇਡਾ ਦੀ ਫਲਾਈਟ ਵਿੱਚ ਆਪਣੇ ਨਾਲ ਵਾਪਰੇ ਇੱਕ ਤਜ਼ਰਬੇ ਨੂੰ ਲੈ ਕੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਗਿੱਪੀ ਨੇ ਸੋਸ਼ਲ ਮੀਡੀਆ ਪਲੇਟਫਾਰਮ X ’ਤੇ ਪੋਸਟ ਸਾਂਝੀ ਕਰਦਿਆਂ ਦਾਅਵਾ ਕੀਤਾ ਕਿ ਉਨ੍ਹਾਂ ਨੇ ਬਿਜ਼ਨਸ ਕਲਾਸ ਦੀ ਟਿਕਟ ਲਈ ਭੁਗਤਾਨ ਕੀਤਾ ਸੀ, ਪਰ ਫਲਾਈਟ ਵਿੱਚ ਉਨ੍ਹਾਂ ਨੂੰ ਇਕਾਨਮੀ ਕਲਾਸ ਦੀ ਸੀਟ ਦਿੱਤੀ ਗਈ।

ਸਟਾਫ ਨਾਲ ਗੱਲ ਕਰਨ ’ਤੇ ਨਹੀਂ ਮਿਲਿਆ ਹੱਲ

ਗਿੱਪੀ ਗਰੇਵਾਲ ਦੇ ਮੁਤਾਬਕ, ਉਨ੍ਹਾਂ ਨੇ ਜਦੋਂ ਏਅਰਲਾਈਨ ਦੇ ਸਟਾਫ ਨਾਲ ਸੀਟ ਸਬੰਧੀ ਗੱਲ ਕੀਤੀ ਤਾਂ ਉਨ੍ਹਾਂ ਨੂੰ ਕੋਈ ਸੰਤੋਸ਼ਜਨਕ ਹੱਲ ਨਹੀਂ ਮਿਲਿਆ। ਉਨ੍ਹਾਂ ਦਾ ਕਹਿਣਾ ਹੈ ਕਿ ਸਟਾਫ ਵੱਲੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਹੁਣ ਸਥਿਤੀ ਵਿੱਚ ਕੁਝ ਨਹੀਂ ਕੀਤਾ ਜਾ ਸਕਦਾ।ਗਾਇਕ ਨੇ ਆਪਣੀ ਪੋਸਟ ਵਿੱਚ ਇਹ ਵੀ ਦਾਅਵਾ ਕੀਤਾ ਕਿ ਜਦੋਂ ਉਨ੍ਹਾਂ ਨੇ ਮਾਮਲੇ ਬਾਰੇ ਹੋਰ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਫਲਾਈਟ ਲੈਣ ਜਾਂ ਛੱਡਣ ਦੀ ਗੱਲ ਕਹੀ ਗਈ। ਉਨ੍ਹਾਂ ਮੁਤਾਬਕ, ਮਾਮਲਾ ਸੁਲਝਾਉਣ ਦੀ ਬਜਾਏ ਉਨ੍ਹਾਂ ਨੂੰ ਜਹਾਜ਼ ਤੋਂ ਉਤਰਨ ਲਈ ਵੀ ਕਿਹਾ ਗਿਆ।

“ਮੈਂ ਕੋਈ ਵਾਧੂ ਸਹੂਲਤ ਨਹੀਂ ਮੰਗੀ”

ਗਿੱਪੀ ਗਰੇਵਾਲ ਨੇ ਆਪਣੀ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮੰਗ ਕਿਸੇ ਵਾਧੂ ਸਹੂਲਤ ਨੂੰ ਲੈ ਕੇ ਨਹੀਂ ਸੀ। ਉਹ ਸਿਰਫ਼ ਉਸ ਸੀਟ ਦੀ ਮੰਗ ਕਰ ਰਹੇ ਸਨ, ਜਿਸ ਲਈ ਉਨ੍ਹਾਂ ਨੇ ਬਿਜ਼ਨਸ ਕਲਾਸ ਦਾ ਕਿਰਾਇਆ ਅਦਾ ਕੀਤਾ ਸੀ। ਉਨ੍ਹਾਂ ਨੇ ਇਹ ਵੀ ਸਵਾਲ ਚੁੱਕਿਆ ਕਿ ਜੇਕਰ ਸੀਟ ਵਿੱਚ ਬਦਲਾਅ ਕੀਤਾ ਗਿਆ ਸੀ ਤਾਂ ਇਸ ਦਾ ਕਾਰਨ ਉਨ੍ਹਾਂ ਨੂੰ ਕਿਉਂ ਨਹੀਂ ਦੱਸਿਆ ਗਿਆ। ਗਿੱਪੀ ਦੇ ਅਨੁਸਾਰ, ਇਸ ਪੂਰੇ ਮਾਮਲੇ ਦੌਰਾਨ ਉਨ੍ਹਾਂ ਨੂੰ ਮੁਆਫੀ ਵੀ ਨਹੀਂ ਮੰਗੀ ਗਈ।

ਏਅਰ ਕੈਨੇਡਾ ਨੇ ਦਿੱਤਾ ਜਵਾਬ

ਗਿੱਪੀ ਗਰੇਵਾਲ ਦੀ ਸੋਸ਼ਲ ਮੀਡੀਆ ਪੋਸਟ ਤੋਂ ਬਾਅਦ ਏਅਰ ਕੈਨੇਡਾ ਨੇ X ’ਤੇ ਜਵਾਬ ਦਿੰਦਿਆਂ ਘਟਨਾ ’ਤੇ ਅਫ਼ਸੋਸ ਪ੍ਰਗਟ ਕੀਤਾ ਅਤੇ ਮੁਆਫੀ ਮੰਗੀ।ਏਅਰਲਾਈਨ ਨੇ ਗਿੱਪੀ ਨੂੰ ਆਪਣਾ ਬੁਕਿੰਗ ਰੈਫਰੈਂਸ ਅਤੇ ਟਿਕਟ ’ਤੇ ਦਰਜ ਪੂਰਾ ਨਾਮ ਜਾਂ ਨਾਮਾਂ ਦੀ ਜਾਣਕਾਰੀ ਨਿੱਜੀ ਸੁਨੇਹੇ (DM) ਰਾਹੀਂ ਭੇਜਣ ਲਈ ਕਿਹਾ। ਏਅਰ ਕੈਨੇਡਾ ਨੇ ਕਿਹਾ ਕਿ ਜਾਣਕਾਰੀ ਮਿਲਣ ਤੋਂ ਬਾਅਦ ਉਹ ਮਾਮਲੇ ਦੀ ਜਾਂਚ ਕਰੇਗੀ।

- GTC Pollywood

Top Stories