ਸਤਿੰਦਰ ਸਰਤਾਜ ਦੇ ਗੀਤ ‘ਗੁਜ਼ਾਰਿਸ਼’ ਨੇ ਮਚਾਈ ਧੂਮ, ਦੋ ਮਹੀਨਿਆਂ ਚ ਬਣਿਆ ਗਲੋਬਲ ਚਾਰਟਬਸਟਰ

ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਸੂਫ਼ੀ ਗਾਇਕ ਸਤਿੰਦਰ ਸਰਤਾਜ ਆਪਣੀ ਦਮਦਾਰ ਆਵਾਜ਼ ਅਤੇ ਖੂਬਸੂਰਤ ਸ਼ਾਇਰੀ ਲਈ ਦੁਨੀਆ ਭਰ ਵਿੱਚ ਜਾਣੇ ਜਾਂਦੇ ਹਨ। ਉਨ੍ਹਾਂ ਦੇ ਗੀਤਾਂ ਦੀ ਖ਼ਾਸੀਅਤ ਹੈ ਕਿ ਉਹ ਪਿਆਰ, ਜਜ਼ਬਾਤ ਅਤੇ ਜ਼ਿੰਦਗੀ ਦੀਆਂ ਡੂੰਘੀਆਂ ਗੱਲਾਂ ਨੂੰ ਬੇਹੱਦ ਖੂਬਸੂਰਤੀ ਨਾਲ ਬਿਆਨ ਕਰਦੇ ਹਨ। ਹੁਣ ਉਨ੍ਹਾਂ ਦਾ ਰੋਮਾਂਟਿਕ ਗੀਤ ‘ਗੁਜ਼ਾਰਿਸ਼’ ਦੁਨੀਆ ਭਰ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

By  Shaminder Kaur Kaler November 19th 2026 03:21 PM

ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਸੂਫ਼ੀ ਗਾਇਕ ਸਤਿੰਦਰ ਸਰਤਾਜ ਆਪਣੀ ਦਮਦਾਰ ਆਵਾਜ਼ ਅਤੇ ਖੂਬਸੂਰਤ ਸ਼ਾਇਰੀ ਲਈ ਦੁਨੀਆ ਭਰ ਵਿੱਚ ਜਾਣੇ ਜਾਂਦੇ ਹਨ। ਉਨ੍ਹਾਂ ਦੇ ਗੀਤਾਂ ਦੀ ਖ਼ਾਸੀਅਤ ਹੈ ਕਿ ਉਹ ਪਿਆਰ, ਜਜ਼ਬਾਤ ਅਤੇ ਜ਼ਿੰਦਗੀ ਦੀਆਂ ਡੂੰਘੀਆਂ ਗੱਲਾਂ ਨੂੰ ਬੇਹੱਦ ਖੂਬਸੂਰਤੀ ਨਾਲ ਬਿਆਨ ਕਰਦੇ ਹਨ। ਹੁਣ ਉਨ੍ਹਾਂ ਦਾ ਰੋਮਾਂਟਿਕ ਗੀਤ ‘ਗੁਜ਼ਾਰਿਸ਼’ ਦੁਨੀਆ ਭਰ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।


ਕਰੀਬ ਦੋ ਮਹੀਨੇ ਪਹਿਲਾਂ ਇਸ ਗੀਤ ਦਾ ਵੀਡੀਓ ਰਿਲੀਜ਼ ਹੋਇਆ ਸੀ, ਜਿਸ ਨੇ ਯੂਟਿਊਬ 'ਤੇ ਸ਼ਾਨਦਾਰ ਸਫ਼ਲਤਾ ਹਾਸਲ ਕੀਤੀ ਹੈ। ਯੂਟਿਊਬ ਵੱਲੋਂ ਜਾਰੀ ਹਫ਼ਤਾਵਾਰੀ ਚਾਰਟ ਮੁਤਾਬਕ, 12 ਨਵੰਬਰ 2026 ਨੂੰ ਸਮਾਪਤ ਹੋਏ ਹਫ਼ਤੇ ਦੌਰਾਨ ‘ਗੁਜ਼ਾਰਿਸ਼’ ਗਲੋਬਲ ਟੌਪ ਸੌਂਗਜ਼ ਚਾਰਟ ਵਿੱਚ ਪਹਿਲੇ ਨੰਬਰ 'ਤੇ ਪਹੁੰਚ ਗਿਆ।


ਗੀਤ ਦੀ ਲੋਕਪ੍ਰਿਯਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਨੂੰ ਇੱਕ ਹਫ਼ਤੇ ਵਿੱਚ 42.6 ਮਿਲੀਅਨ ਤੋਂ ਵੱਧ ਵਿਊਜ਼ ਮਿਲੇ। ਇਸ ਤੋਂ ਪਹਿਲਾਂ ਇਸ ਦੇ ਵਿਊਜ਼ ਲਗਭਗ 28.2 ਮਿਲੀਅਨ ਸਨ। ਇਸ ਤਰ੍ਹਾਂ ਗੀਤ ਨੇ 50 ਫ਼ੀਸਦੀ ਤੋਂ ਵੱਧ ਦਾ ਵਾਧਾ ਦਰਜ ਕਰਦਿਆਂ ਸੱਤਵੇਂ ਸਥਾਨ ਤੋਂ ਸਿੱਧਾ ਪਹਿਲੇ ਸਥਾਨ ਤੱਕ ਦਾ ਸਫ਼ਰ ਤੈਅ ਕੀਤਾ। ਖ਼ਾਸ ਗੱਲ ਇਹ ਹੈ ਕਿ ਇਸ ਦੇ ਕੁੱਲ ਵਿਊਜ਼ ਵਿੱਚੋਂ ਲਗਭਗ 75.9 ਫ਼ੀਸਦੀ ਭਾਰਤ ਤੋਂ ਆਏ ਹਨ।

ਪਿਆਰ ਦੀਆਂ ਭਾਵਨਾਵਾਂ ਨੂੰ ਸੂਫ਼ੀਆਨਾ ਅੰਦਾਜ਼ ਵਿੱਚ ਕੀਤਾ ਬਿਆਨ

‘ਗੁਜ਼ਾਰਿਸ਼’ ਦੀ ਸਭ ਤੋਂ ਵੱਡੀ ਖ਼ਾਸੀਅਤ ਇਸ ਦੇ ਬੋਲ ਹਨ। ਗੀਤ ਵਿੱਚ ਸਤਿੰਦਰ ਸਰਤਾਜ ਆਪਣੇ ਅੰਦਾਜ਼ ਵਿੱਚ ਮਹਿਬੂਬਾ ਦੀ ਖੂਬਸੂਰਤੀ ਅਤੇ ਉਸ ਨਾਲ ਜੁੜੀਆਂ ਭਾਵਨਾਵਾਂ ਦਾ ਇਜ਼ਹਾਰ ਕਰਦੇ ਹਨ। ਉਨ੍ਹਾਂ ਦੀ ਸ਼ਾਇਰੀ ਵਿੱਚ ਰੋਮਾਂਸ ਦੇ ਨਾਲ-ਨਾਲ ਸੂਫ਼ੀਆਨਾ ਰੰਗ ਵੀ ਦੇਖਣ ਨੂੰ ਮਿਲਦਾ ਹੈ।ਇਸ ਗੀਤ ਦੇ ਬੋਲ ਅਤੇ ਸੰਗੀਤ ਦੋਵੇਂ ਸਤਿੰਦਰ ਸਰਤਾਜ ਨੇ ਖ਼ੁਦ ਤਿਆਰ ਕੀਤੇ ਹਨ। ਸਾਲ 2015 ਵਿੱਚ ਆਏ ਇਸ ਗੀਤ ਨੂੰ ਹੁਣ ਨਵੇਂ ਵੀਡੀਓ ਰਾਹੀਂ ਮੁੜ ਸਰੋਤਿਆਂ ਤੱਕ ਪਹੁੰਚਾਇਆ ਗਿਆ ਹੈ। ਪੁਰਾਣੇ ਗੀਤ ਨੂੰ ਮਿਲ ਰਿਹਾ ਇਹ ਨਵਾਂ ਪਿਆਰ ਸਾਬਤ ਕਰਦਾ ਹੈ ਕਿ ਚੰਗੀ ਸ਼ਾਇਰੀ ਅਤੇ ਰੂਹ ਨੂੰ ਛੂਹਣ ਵਾਲਾ ਸੰਗੀਤ ਕਦੇ ਪੁਰਾਣਾ ਨਹੀਂ ਹੁੰਦਾ।ਇਸ ਤਰ੍ਹਾਂ ‘ਗੁਜ਼ਾਰਿਸ਼’ ਨੇ ਇੱਕ ਵਾਰ ਫਿਰ ਸਤਿੰਦਰ ਸਰਤਾਜ ਦੀ ਕਲਾਕਾਰੀ ਦਾ ਜਾਦੂ ਦੁਨੀਆ ਭਰ ਦੇ ਸੰਗੀਤ ਪ੍ਰੇਮੀਆਂ 'ਤੇ ਚਲਾ ਦਿੱਤਾ ਹੈ।

© Copyright Galactic Television & Communications Pvt. Ltd. 2026. All rights reserved.