ਬਿਲਡਿੰਗ ’ਚ ਲੱਗੀ ਭਿਆਨਕ ਅੱਗ ਦੌਰਾਨ ਸੁਰੱਖਿਆ ਗਾਰਡ ਦੀ ਮੌਤ, ਦੁਖੀ ਹੋਈ ਦਿਵਿਆਂਕਾ ਤ੍ਰਿਪਾਠੀ ਨੇ ਭਾਵੁਕ ਪੋਸਟ ਸਾਂਝੀ ਕਰਕੇ ਬਿਆਨ ਕੀਤਾ ਦਰਦ

ਟੀਵੀ ਜਗਤ ਦੀ ਮਸ਼ਹੂਰ ਅਦਾਕਾਰਾ ਦਿਵਿਆਂਕਾ ਤ੍ਰਿਪਾਠੀ ਇਨ੍ਹੀਂ ਦਿਨੀਂ ਇੱਕ ਦੁਖਦਾਈ ਘਟਨਾ ਕਾਰਨ ਸਦਮੇ ਵਿੱਚ ਹੈ। ਦੀਵਾਲੀ ਅਤੇ ਆਪਣੇ ਪਤੀ ਵਿਵੇਕ ਦਹੀਆ ਦੇ ਜਨਮਦਿਨ ਤੋਂ ਇੱਕ ਰਾਤ ਪਹਿਲਾਂ ਮੁੰਬਈ ਸਥਿਤ ਉਨ੍ਹਾਂ ਦੀ ਰਿਹਾਇਸ਼ੀ ਇਮਾਰਤ ਵਿੱਚ ਭਿਆਨਕ ਅੱਗ ਲੱਗ ਗਈ ਸੀ। ਇਸ ਹਾਦਸੇ ਵਿੱਚ ਅਦਾਕਾਰਾ, ਉਨ੍ਹਾਂ ਦੇ ਪਤੀ, ਬੱਚੇ ਅਤੇ ਪਰਿਵਾਰ ਦੇ ਹੋਰ ਮੈਂਬਰ ਵਾਲ-ਵਾਲ ਬਚ ਗਏ, ਪਰ ਇਮਾਰਤ ਵਿੱਚ ਤਾਇਨਾਤ ਸੁਰੱਖਿਆ ਗਾਰਡ ਧਨਪਤ ਦੀ ਮੌਤ ਹੋ ਗਈ।

By  Shaminder Kaur Kaler November 10th 2026 03:17 PM

ਟੀਵੀ ਜਗਤ ਦੀ ਮਸ਼ਹੂਰ ਅਦਾਕਾਰਾ ਦਿਵਿਆਂਕਾ ਤ੍ਰਿਪਾਠੀ ਇਨ੍ਹੀਂ ਦਿਨੀਂ ਇੱਕ ਦੁਖਦਾਈ ਘਟਨਾ ਕਾਰਨ ਸਦਮੇ ਵਿੱਚ ਹੈ। ਦੀਵਾਲੀ ਅਤੇ ਆਪਣੇ ਪਤੀ ਵਿਵੇਕ ਦਹੀਆ ਦੇ ਜਨਮਦਿਨ ਤੋਂ ਇੱਕ ਰਾਤ ਪਹਿਲਾਂ ਮੁੰਬਈ ਸਥਿਤ ਉਨ੍ਹਾਂ ਦੀ ਰਿਹਾਇਸ਼ੀ ਇਮਾਰਤ ਵਿੱਚ ਭਿਆਨਕ ਅੱਗ ਲੱਗ ਗਈ ਸੀ। ਇਸ ਹਾਦਸੇ ਵਿੱਚ ਅਦਾਕਾਰਾ, ਉਨ੍ਹਾਂ ਦੇ ਪਤੀ, ਬੱਚੇ ਅਤੇ ਪਰਿਵਾਰ ਦੇ ਹੋਰ ਮੈਂਬਰ ਵਾਲ-ਵਾਲ ਬਚ ਗਏ, ਪਰ ਇਮਾਰਤ ਵਿੱਚ ਤਾਇਨਾਤ ਸੁਰੱਖਿਆ ਗਾਰਡ ਧਨਪਤ ਦੀ ਮੌਤ ਹੋ ਗਈ।ਇਸ ਘਟਨਾ ਨੇ ਅਦਾਕਾਰਾ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਅੰਦਰੋਂ ਝੰਜੋੜ ਕੇ ਰੱਖ ਦਿੱਤਾ ਹੈ। ਹੁਣ ਦਿਵਿਆਂਕਾ ਨੇ ਸੋਸ਼ਲ ਮੀਡੀਆ ’ਤੇ ਇੱਕ ਭਾਵੁਕ ਪੋਸਟ ਸਾਂਝੀ ਕਰਦਿਆਂ ਮ੍ਰਿਤਕ ਸੁਰੱਖਿਆ ਗਾਰਡ ਨੂੰ ਸ਼ਰਧਾਂਜਲੀ ਦਿੱਤੀ ਹੈ।


'ਕੁਝ ਨੁਕਸਾਨ ਅਜਿਹੀ ਖਾਮੋਸ਼ੀ ਛੱਡ ਜਾਂਦੇ ਹਨ, ਜੋ ਕਦੇ ਦੂਰ ਨਹੀਂ ਹੁੰਦੀ'

ਦਿਵਿਆਂਕਾ ਨੇ ਆਪਣੀ ਪੋਸਟ ਵਿੱਚ ਲਿਖਿਆ ਕਿ ਕੁਝ ਨੁਕਸਾਨ ਆਪਣੇ ਪਿੱਛੇ ਅਜਿਹੀ ਖਾਮੋਸ਼ੀ ਛੱਡ ਜਾਂਦੇ ਹਨ, ਜੋ ਕਦੇ ਖ਼ਤਮ ਨਹੀਂ ਹੁੰਦੀ। ਉਨ੍ਹਾਂ ਦੱਸਿਆ ਕਿ ਜਿਸ ਸ਼ਾਮ ਇਮਾਰਤ ਵਿੱਚ ਅੱਗ ਲੱਗੀ, ਉਸ ਦਿਨ ਉਹ ਅਤੇ ਉਨ੍ਹਾਂ ਦੇ ਪਤੀ ਬਾਹਰ ਜਾਣ ਦੀ ਯੋਜਨਾ ਬਣਾ ਰਹੇ ਸਨ, ਪਰ ਕਿਸੇ ਕਾਰਨ ਉਨ੍ਹਾਂ ਦਾ ਪ੍ਰੋਗਰਾਮ ਲਗਾਤਾਰ ਲੇਟ ਹੁੰਦਾ ਰਿਹਾ।


ਇਸ ਦੌਰਾਨ ਉਹ ਘਰ ਵਿੱਚ ਹੀ ਮੌਜੂਦ ਸਨ ਅਤੇ ਅੱਗ ਲੱਗਣ ਦੇ ਖ਼ਤਰੇ ਨੂੰ ਸਮੇਂ ਸਿਰ ਭਾਂਪ ਕੇ ਆਪਣੇ ਬੱਚਿਆਂ, ਪਰਿਵਾਰਕ ਮੈਂਬਰਾਂ ਅਤੇ ਸਟਾਫ਼ ਨਾਲ ਸੁਰੱਖਿਅਤ ਬਾਹਰ ਨਿਕਲਣ ਵਿੱਚ ਕਾਮਯਾਬ ਰਹੇ।

ਜੁੜਵਾਂ ਬੱਚਿਆਂ ਨਾਲ ਖ਼ਾਸ ਰਿਸ਼ਤਾ ਸੀ ਧਨਪਤ ਅੰਕਲ ਦਾ

ਅਦਾਕਾਰਾ ਨੇ ਦੱਸਿਆ ਕਿ ਧਨਪਤ ਅੰਕਲ ਉਨ੍ਹਾਂ ਦੇ ਪਰਿਵਾਰ ਲਈ ਸਿਰਫ਼ ਇਮਾਰਤ ਦੇ ਸੁਰੱਖਿਆ ਗਾਰਡ ਨਹੀਂ ਸਨ, ਸਗੋਂ ਉਨ੍ਹਾਂ ਦੀ ਰੋਜ਼ਾਨਾ ਜ਼ਿੰਦਗੀ ਦਾ ਅਹਿਮ ਹਿੱਸਾ ਸਨ। ਜਦੋਂ ਉਨ੍ਹਾਂ ਦੇ ਜੁੜਵਾਂ ਬੱਚੇ ਪਹਿਲੀ ਵਾਰ ਘਰ ਆਏ ਸਨ, ਤਾਂ ਧਨਪਤ ਅੰਕਲ ਉਨ੍ਹਾਂ ਲੋਕਾਂ ਵਿੱਚ ਸ਼ਾਮਲ ਸਨ, ਜਿਨ੍ਹਾਂ ਨੇ ਬੱਚਿਆਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਅਸ਼ੀਰਵਾਦ ਦਿੱਤਾ ਸੀ।ਦਿਵਿਆਂਕਾ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਨ੍ਹਾਂ ਅਤੇ ਵਿਵੇਕ ਨੇ ਸੋਚਿਆ ਸੀ ਕਿ ਧਨਪਤ ਅੰਕਲ ਉਨ੍ਹਾਂ ਦੇ ਬੱਚਿਆਂ ਨੂੰ ਵੱਡੇ ਹੁੰਦੇ ਦੇਖਣਗੇ ਅਤੇ ਆਉਣ ਵਾਲੇ ਸਾਲਾਂ ਵਿੱਚ ਵੀ ਉਨ੍ਹਾਂ ਦੇ ਪਰਿਵਾਰ ਦਾ ਹਿੱਸਾ ਬਣੇ ਰਹਿਣਗੇ।


ਖ਼ਬਰ ਸੁਣ ਕੇ ਯਕੀਨ ਨਹੀਂ ਕਰ ਪਾ ਰਹੇ ਸਨ ਦਿਵਿਆਂਕਾ ਅਤੇ ਵਿਵੇਕ

ਅਦਾਕਾਰਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਧਨਪਤ ਅੰਕਲ ਦੀ ਮੌਤ ਬਾਰੇ ਪਤਾ ਲੱਗਿਆ ਤਾਂ ਉਹ ਅਤੇ ਵਿਵੇਕ ਇਸ ਖ਼ਬਰ ’ਤੇ ਯਕੀਨ ਨਹੀਂ ਕਰ ਪਾ ਰਹੇ ਸਨ। ਇੱਥੋਂ ਤੱਕ ਕਿ ਜਦੋਂ ਉਹ ਇੱਕ ਦੋਸਤ ਦੇ ਘਰ ਪਨਾਹ ਲੈ ਕੇ ਬੈਠੇ ਸਨ, ਉਦੋਂ ਵੀ ਉਨ੍ਹਾਂ ਦੇ ਮਨ ਵਿੱਚ ਇਹੀ ਉਮੀਦ ਸੀ ਕਿ ਕਾਸ਼ ਇਹ ਖ਼ਬਰ ਗਲਤ ਸਾਬਤ ਹੋ ਜਾਵੇ।

ਉਨ੍ਹਾਂ ਕਿਹਾ ਕਿ ਉਸ ਦੀਵਾਲੀ ਅੱਗ ਨੇ ਉਨ੍ਹਾਂ ਦੇ ਘਰ ਦੀ ਰੌਸ਼ਨੀ ਤਾਂ ਫਿੱਕੀ ਕਰ ਹੀ ਦਿੱਤੀ ਸੀ, ਪਰ ਇੱਕ ਕੀਮਤੀ ਜਾਨ ਦੇ ਚਲੇ ਜਾਣ ਨਾਲ ਦਿਲਾਂ ਵਿੱਚ ਅਜਿਹਾ ਹਨੇਰਾ ਛਾ ਗਿਆ ਹੈ, ਜਿਸ ਨੂੰ ਕੋਈ ਵੀ ਰੌਸ਼ਨੀ ਦੂਰ ਨਹੀਂ ਕਰ ਸਕਦੀ।ਆਪਣੀ ਪੋਸਟ ਦੇ ਅੰਤ ਵਿੱਚ ਦਿਵਿਆਂਕਾ ਨੇ ਕਿਹਾ ਕਿ ਜਦੋਂ ਉਨ੍ਹਾਂ ਦੇ ਬੱਚੇ ਵੱਡੇ ਹੋਣਗੇ ਤਾਂ ਉਹ ਉਨ੍ਹਾਂ ਨੂੰ ਧਨਪਤ ਅੰਕਲ ਬਾਰੇ ਜ਼ਰੂਰ ਦੱਸਣਗੇ, ਜਿਨ੍ਹਾਂ ਨੇ ਪਿਆਰ ਅਤੇ ਅਸ਼ੀਰਵਾਦ ਨਾਲ ਉਨ੍ਹਾਂ ਦਾ ਘਰ ਵਿੱਚ ਸਵਾਗਤ ਕੀਤਾ ਸੀ।ਦੱਸ ਦੇਈਏ ਕਿ ਦਿਵਿਆਂਕਾ ਤ੍ਰਿਪਾਠੀ ਅਤੇ ਵਿਵੇਕ ਦਹੀਆ ਨੇ 26 ਮਈ ਨੂੰ ਜੁੜਵਾਂ ਬੱਚਿਆਂ ਦਾ ਸਵਾਗਤ ਕੀਤਾ ਸੀ। ਇਸ ਦੁਖਦਾਈ ਘਟਨਾ ਨੇ ਦੀਵਾਲੀ ਦੀਆਂ ਖੁਸ਼ੀਆਂ ਨੂੰ ਗਮ ਵਿੱਚ ਬਦਲ ਦਿੱਤਾ ਹੈ।

© Copyright Galactic Television & Communications Pvt. Ltd. 2026. All rights reserved.