logo
logo

ਬਿੱਗ ਬੌਸ 20: ਘਰ ਵਿੱਚ ਮੁੜ ਮਚਿਆ ਹੰਗਾਮਾ, ਨਕੁਲ ਨੂੰ ਕੀਤਾ ਗਿਆ ਬਾਹਰ, ਲਵ ਗਿੱਲ ਨੂੰ ਆਸਿਫ਼ ਨੇ ਕਿਹਾ ‘ਚਾਪਲੂਸ’

‘ਬਿੱਗ ਬੌਸ 20’ ਦੇ 14 ਅਕਤੂਬਰ ਦੇ ਐਪੀਸੋਡ ਵਿੱਚ ਘਰ ਦੇ ਅੰਦਰ ਜ਼ਬਰਦਸਤ ਹੰਗਾਮਾ ਦੇਖਣ ਨੂੰ ਮਿਲਿਆ। ਨਕੁਲ ਅਤੇ ਗੁੱਲੂ ਵਿਚਕਾਰ ਹੋਈ ਤਿੱਖੀ ਬਹਿਸ ਨੇ ਮਾਹੌਲ ਨੂੰ ਪੂਰੀ ਤਰ੍ਹਾਂ ਗਰਮਾ ਦਿੱਤਾ। ਮਾਮਲਾ ਇੰਨਾ ਵਧ ਗਿਆ ਕਿ ਘਰ ਦੇ ਹੋਰ ਮੈਂਬਰ ਵੀ ਇਸ ਵਿਵਾਦ ਵਿੱਚ ਸ਼ਾਮਲ ਹੋ ਗਏ। ਆਖ਼ਰਕਾਰ ਬਿੱਗ ਬੌਸ ਨੇ ਹਿੰਸਾ ਅਤੇ ਘਰ ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਮਾਮਲੇ ਵਿੱਚ ਨਕੁਲ ਨੂੰ ਘਰੋਂ ਬਾਹਰ ਜਾਣ ਦਾ ਹੁਕਮ ਦੇ ਦਿੱਤਾ।

ਨਕੁਲ ਅਤੇ ਗੁੱਲੂ ਵਿਚਕਾਰ ਹੋਈ ਤਿੱਖੀ ਬਹਿਸ

ਐਪੀਸੋਡ ਦੌਰਾਨ ਕਾਜ਼ੀ ਤੌਕੀਰ ਵੱਲੋਂ ਸਕਾਊਟ ਬਾਰੇ ਪਿੱਠ ਪਿੱਛੇ ਕੀਤੀਆਂ ਗੱਲਾਂ ਦਾ ਮਾਮਲਾ ਸਾਹਮਣੇ ਆਇਆ। ਨਕੁਲ ਨੇ ਇਹ ਗੱਲ ਸਕਾਊਟ ਅਤੇ ਯੰਗ ਨੂੰ ਦੱਸ ਦਿੱਤੀ, ਜਿਸ ਤੋਂ ਬਾਅਦ ਉਹ ਕਾਜ਼ੀ ਨਾਲ ਗੱਲ ਕਰਨ ਪਹੁੰਚ ਗਏ।ਇਸ ਮਾਮਲੇ ਨੂੰ ਸੁਲਝਾਉਣ ਲਈ ਗੁੱਲੂ ਨੇ ਵਿਚਕਾਰ ਆ ਕੇ ਨਕੁਲ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਗੱਲ ਸ਼ਾਂਤ ਹੋਣ ਦੀ ਬਜਾਏ ਹੋਰ ਵਿਗੜ ਗਈ। ਦੋਵਾਂ ਵਿਚਕਾਰ ਬਹਿਸ ਇੰਨੀ ਵਧ ਗਈ ਕਿ ਧੱਕਾ-ਮੁੱਕੀ ਤੱਕ ਦੀ ਨੌਬਤ ਆ ਗਈ।ਇਸ ਘਟਨਾ ਤੋਂ ਬਾਅਦ ਘਰ ਦੇ ਮੈਂਬਰ ਨਕੁਲ ਦੇ ਵਿਵਹਾਰ ਤੋਂ ਨਾਰਾਜ਼ ਨਜ਼ਰ ਆਏ। ਮਾਹੀ ਨੇ ਵੀ ਨਕੁਲ ਨੂੰ ਸਖ਼ਤ ਸ਼ਬਦਾਂ ਵਿੱਚ ਜਵਾਬ ਦਿੱਤਾ। ਉੱਥੇ ਹੀ ਆਸਿਫ਼ ਨੇ ਬਿੱਗ ਬੌਸ ਤੋਂ ਨਕੁਲ ਨੂੰ ਘਰੋਂ ਬਾਹਰ ਕੱਢਣ ਦੀ ਮੰਗ ਕੀਤੀ।

ਅਰਿਸ਼ਫਾ ਨੇ ਨਕੁਲ ਨੂੰ ਦੱਸਿਆ ਖ਼ਤਰਨਾਕ ਇਨਸਾਨ

ਇਸ ਵਿਵਾਦ ਤੋਂ ਬਾਅਦ ਅਰਿਸ਼ਫਾ ਖ਼ਾਨ ਨੇ ਨਕੁਲ ਦੇ ਵਿਵਹਾਰ ’ਤੇ ਸਵਾਲ ਚੁੱਕਦਿਆਂ ਉਸ ਨੂੰ ਖ਼ਤਰਨਾਕ ਇਨਸਾਨ ਦੱਸਿਆ। ਦੂਜੇ ਪਾਸੇ, ਕਨਿਕਾ ਨੇ ਵੀ ਨਕੁਲ ਨਾਲ ਗੱਲਬਾਤ ਕਰਦਿਆਂ ਪੁੱਛਿਆ ਕਿ ਉਹ ਘਰ ਦੇ ਬਾਕੀ ਮੈਂਬਰਾਂ ਨਾਲ ਇਸ ਤਰ੍ਹਾਂ ਕਿਉਂ ਪੇਸ਼ ਆ ਰਿਹਾ ਹੈ।ਕਨਿਕਾ ਨੇ ਨਕੁਲ ਨੂੰ ਕਿਹਾ ਕਿ ਝਗੜੇ ਦੌਰਾਨ ਹੱਥੋਪਾਈ ਦੀ ਸ਼ੁਰੂਆਤ ਉਸ ਵੱਲੋਂ ਹੋਈ ਸੀ। ਇਸ ਦੌਰਾਨ ਘਰ ਦੇ ਹੋਰ ਮੈਂਬਰਾਂ ਨੇ ਵੀ ਨਕੁਲ ਦੇ ਰਵੱਈਏ ’ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ।

ਬਿੱਗ ਬੌਸ ਨੇ ਨਕੁਲ ਨੂੰ ਘਰੋਂ ਕੱਢਣ ਦਾ ਸੁਣਾਇਆ ਫ਼ੈਸਲਾ

ਘਰ ਵਿੱਚ ਵਧਦੇ ਤਣਾਅ ਤੋਂ ਬਾਅਦ ਬਿੱਗ ਬੌਸ ਨੇ ਸਾਰੇ ਮੁਕਾਬਲੇਬਾਜ਼ਾਂ ਨੂੰ ਲਿਵਿੰਗ ਏਰੀਆ ਵਿੱਚ ਇਕੱਠੇ ਹੋਣ ਲਈ ਕਿਹਾ। ਇਸ ਤੋਂ ਬਾਅਦ ਬਿੱਗ ਬੌਸ ਨੇ ਸਪੱਸ਼ਟ ਕੀਤਾ ਕਿ ਘਰ ਵਿੱਚ ਹਿੰਸਾ ਲਈ ਕੋਈ ਥਾਂ ਨਹੀਂ ਹੈ ਅਤੇ ਨਿਯਮਾਂ ਦੀ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਇਸ ਮਾਮਲੇ ਵਿੱਚ ਸਖ਼ਤ ਫ਼ੈਸਲਾ ਲੈਂਦਿਆਂ ਬਿੱਗ ਬੌਸ ਨੇ ਨਕੁਲ ਨੂੰ ਤੁਰੰਤ ਘਰੋਂ ਬਾਹਰ ਜਾਣ ਦਾ ਹੁਕਮ ਦਿੱਤਾ। ਇਸ ਫ਼ੈਸਲੇ ਤੋਂ ਬਾਅਦ ਘਰ ਦੇ ਮਾਹੌਲ ਵਿੱਚ ਇੱਕ ਵਾਰ ਫਿਰ ਹਲਚਲ ਮਚ ਗਈ।

ਲਵ ਗਿੱਲ ਨੇ ਨਕੁਲ ਨਾਲ ਕੀਤੀ ਗੱਲ, ਆਸਿਫ਼ ਨੇ ਲਾਏ ਇਲਜ਼ਾਮ

ਨਕੁਲ ਦੇ ਬਾਹਰ ਜਾਣ ਦੇ ਫ਼ੈਸਲੇ ਤੋਂ ਬਾਅਦ ਲਵ ਗਿੱਲ ਉਸ ਦੇ ਕੋਲ ਜਾ ਕੇ ਬੈਠ ਗਈ। ਲਵ ਦੇ ਇਸ ਕਦਮ ’ਤੇ ਕਾਜ਼ੀ, ਆਸਿਫ਼ ਅਤੇ ਯੰਗ ਨੇ ਸਵਾਲ ਚੁੱਕੇ। ਆਸਿਫ਼ ਨੇ ਲਵ ਨੂੰ ਪੁੱਛਿਆ ਕਿ ਉਹ ਨਕੁਲ ਨਾਲ ਗੱਲ ਕਰਨ ਕਿਉਂ ਗਈ ਸੀ।ਇਸ ’ਤੇ ਲਵ ਨੇ ਸਫ਼ਾਈ ਦਿੰਦਿਆਂ ਕਿਹਾ ਕਿ ਨਕੁਲ ਦੇ ਹੱਥ ’ਤੇ ਸੱਟ ਦਾ ਨਿਸ਼ਾਨ ਸੀ ਅਤੇ ਉਹ ਸਿਰਫ਼ ਉਸ ਦਾ ਹਾਲ ਪੁੱਛਣ ਗਈ ਸੀ। ਪਰ ਆਸਿਫ਼ ਇਸ ਗੱਲ ਨਾਲ ਸਹਿਮਤ ਨਹੀਂ ਹੋਏ ਅਤੇ ਗੁੱਸੇ ਵਿੱਚ ਲਵ ਨੂੰ ‘ਚਾਪਲੂਸ’ ਕਹਿ ਦਿੱਤਾ।ਲਵ ਨੇ ਵੀ ਇਸ ਗੱਲ ਦਾ ਵਿਰੋਧ ਕਰਦਿਆਂ ਪੁੱਛਿਆ ਕਿ ਉਹ ਕਿਸ ਦੀ ਚਾਪਲੂਸੀ ਕਰਦੀ ਹੈ। ਦੋਵਾਂ ਵਿਚਕਾਰ ਤਿੱਖੀ ਬਹਿਸ ਹੋ ਗਈ ਅਤੇ ਘਰ ਦੇ ਹੋਰ ਮੈਂਬਰ ਵੀ ਇਸ ਮਾਮਲੇ ਵਿੱਚ ਆਪਣੀ-ਆਪਣੀ ਰਾਏ ਦੇਣ ਲੱਗੇ।

ਲਵ ਦੇ ਸਮਰਥਨ ਵਿੱਚ ਆਇਆ ਸਕਾਊਟ, ਯੰਗ ਨਾਲ ਹੋਈ ਬਹਿਸ

ਆਸਿਫ਼ ਨੂੰ ਲਵ ਦੇ ਖ਼ਿਲਾਫ਼ ਬੋਲਦਿਆਂ ਦੇਖ ਕੇ ਸਕਾਊਟ ਉਸ ਦੇ ਸਮਰਥਨ ਵਿੱਚ ਖੜ੍ਹਾ ਹੋ ਗਿਆ। ਇਸ ਕਾਰਨ ਸਕਾਊਟ ਅਤੇ ਯੰਗ ਵਿਚਕਾਰ ਵੀ ਬਹਿਸ ਸ਼ੁਰੂ ਹੋ ਗਈ।ਯੰਗ ਦਾ ਮੰਨਣਾ ਸੀ ਕਿ ਲਵ ਨੂੰ ਨਕੁਲ ਨਾਲ ਗੱਲ ਕਰਨ ਦੀ ਲੋੜ ਨਹੀਂ ਸੀ, ਜਦਕਿ ਲਵ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਉਸ ਨੇ ਸਿਰਫ਼ ਇਨਸਾਨੀਅਤ ਦੇ ਨਾਤੇ ਨਕੁਲ ਦੇ ਹੱਥ ’ਤੇ ਲੱਗੀ ਸੱਟ ਬਾਰੇ ਪੁੱਛਿਆ ਸੀ। ਉਸ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਸ ਨੂੰ ਕੋਈ ਇਹ ਨਹੀਂ ਦੱਸ ਸਕਦਾ ਕਿ ਉਸ ਨੇ ਕਿਸ ਨਾਲ ਗੱਲ ਕਰਨੀ ਹੈ ਅਤੇ ਕਿਸ ਨਾਲ ਨਹੀਂ।

ਇਸ ਤਰ੍ਹਾਂ ਨਕੁਲ ਅਤੇ ਗੁੱਲੂ ਵਿਚਕਾਰ ਸ਼ੁਰੂ ਹੋਇਆ ਵਿਵਾਦ ਲਵ, ਆਸਿਫ਼, ਸਕਾਊਟ ਅਤੇ ਯੰਗ ਵਿਚਕਾਰ ਵੀ ਤਣਾਅ ਦਾ ਕਾਰਨ ਬਣ ਗਿਆ। ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਐਪੀਸੋਡਾਂ ਵਿੱਚ ਇਸ ਝਗੜੇ ਦਾ ਘਰ ਦੇ ਸਮੀਕਰਨਾਂ ’ਤੇ ਕੀ ਅਸਰ ਪੈਂਦਾ ਹੈ ਅਤੇ ਮੁਕਾਬਲੇਬਾਜ਼ਾਂ ਦੇ ਰਿਸ਼ਤਿਆਂ ਵਿੱਚ ਹੋਰ ਕਿਹੜੇ ਬਦਲਾਅ ਦੇਖਣ ਨੂੰ ਮਿਲਦੇ ਹਨ।

- GTC Pollywood

Top Stories