logo
logo

ਲੋਕ ਗੀਤਾਂ ‘ਚ ਵੀ ਆਉਂਦਾ ਹੈ ਰੱਖੜੀ ਦਾ ਜ਼ਿਕਰ, ਜਾਣੋ ਭੈਣ ਭਰਾ ਨੂੰ ਕਿਵੇਂ ਦਿੰਦੀ ਹੈ ਦੁਆਵਾਂ

 ਪੰਜਾਬ ਦੀ ਧਰਤੀ ਉੱਤੇ ਮੇਲਿਆਂ ਅਤੇ ਤਿਉਹਾਰਾਂ ਦਾ ਕਾਫਿਲਾ ਤੁਰਿਆ ਚਲਿਆ ਆਉਂਦਾ ਹੈ।ਜੇਠ ਹਾੜ ਦੀਆਂ ਝੁਲਸਾ ਦੇਣ ਵਾਲੀਆਂ ਧੁੱਪਾਂ ਤੋਂ ਬਾਅਦ ਆਉਂਦਾ ਹੈ ਸਾਉਣ ਦਾ ਮਹੀਨਾ । ਇਹ ਮਹੀਨਾ ਜਿੱਥੇ ਤਪਦੀ ਧਰਤੀ ਦੇ ਸੀਨੇ 'ਚ ਠੰਡਕ ਦਾ ਅਹਿਸਾਸ ਕਰਵਾਉਂਦਾ ਹੈ ,ਉੱਥੇ ਜੰਗਲ ,ਬੇਲੇ ਸਭ ਹਰਿਆਲੀ ਨਾਲ ਭਰ ਜਾਂਦੇ ਹਨ  ਅਤੇ ਹਾਲੀਆਂ ਪਾਲੀਆਂ ਲਈ ਇਨੀਂ ਦਿਨੀਂ ਫਸਲਾਂ ਨੂੰ ਪਾਣੀ ਦੇਣ ਦੀ ਚਿੰਤਾ ਨਹੀਂ ਰਹਿੰਦੀ  ਅਤੇ ਉਹ ਬੇਫਿਕਰ ਹੋ ਜਾਂਦੇ ਹਨ । ਇਸ ਤੋਂ ਬਾਅਦ ਆਉਂਦਾ ਹੈ ਭਾਦਰੋਂ ਦਾ ਮਹੀਨਾ ।  ਭਾਦਰੋਂ ਦੇ ਮਹੀਨੇ ਵਿੱਚ ਹੀ ਆਉਂਦਾ ਹੈ ਇੱਕ ਪਿਆਰਾ ਜਿਹਾ ਤਿਉਹਾਰ ।ਇਸ ਤਿਉਹਾਰ ਨੂੰ ਮਨਾਉਣ ਲਈ ਭੈਣਾਂ ਆਪਣੇ ਪੇਕੇ ਘਰੀਂ ਆਉਂਦੀਆਂ ਹਨ ਅਤੇ ਆਪਣੇ ਭਰਾਵਾਂ ਦੇ ਗੁੱਟ ਤੇ ਪ੍ਰੇਮ ਰੂਪੀ ਧਾਗਾ ਬੰਨਦੀਆਂ ਹਨ ਅਤੇ ਉਨਾਂ ਦੀ ਲੰਬੀ ਉਮਰ , ਉਨਾਂ ਦੀ ਸੁੱਖ ਮੰਗਦੀਆਂ ਤੇ ਆਪਣੀ ਉਮਰ ਵੀ ਆਪਣੇ ਭਰਾਵਾਂ ਨੂੰ ਲੱਗ ਜਾਣ ਦੀ ਅਸੀਸ ਦੇਂਦੀਆਂ ਹਨ ।

ਭਰਾ ਵੀ ਆਪਣੀ ਭੈਣ ਦੀ ਪੱਤ ਅਤੇ ਉਸਦੀ ਰੱਖਿਆ ਦਾ ਪ੍ਰਣ ਲੈਂਦਾ ਹੈ । ਭੈਣਾਂ ਸੁੱਚੇ ਮੂੰਹ ਉੱਠ ਕੇ ਭਰਾਵਾਂ ਦੇ ਗੁੱਟ 'ਤੇ ਰੱਖੜੀ ਬੰਨਦੀਆਂ ਹਨ ਅਤੇ ਸ਼ਗਨ ਵਜੋਂ ਮਠਿਆਈ ਨਾਲ ਉਨਾਂ ਦਾ ਮੂੰਹ ਮਿੱਠਾ ਕਰਵਾਉਂਦੀਆਂ ਹਨ । ਪੰਜਾਬ ਦੇ ਲੋਕ ਗੀਤਾਂ ਵਿੱਚ ਇਸ ਤਿਉਹਾਰ ਦਾ ਜਿਕਰ ਆਉਂਦਾ ਹੈ । ਇਸ ਦਿਨ ਜਿਹੜੀਆਂ ਭੈਣਾਂ ਆਪਣੇ ਸਹੁਰੇ ਘਰ ਹੁੰਦੀਆਂ ਹਨ ,ਉਹ ਆਪਣੇ ਭਰਾਵਾਂ ਦੇ ਆਉਣ ਦਾ ਇੰਤਜ਼ਾਰ ਕਰਦੀਆਂ ਹਨ । ਕਈ ਵਾਰ ਜਦੋਂ ਭਰਾ ਭੈਣ ਤੋਂ ਰੱਖੜੀ ਬਨਵਾਉਣ ਲਈ ਜਾਂਦਾ ਹੈ ਤਾਂ ਸੱਸ ਦਾ ਰੱਵਈਆ ਵੇਖ ਕੇ ਭੈਣ ਆਪਣੀ ਸੱਸ ਨੂੰ ਮੇਹਣਾ ਮਾਰਦੀ ਹੈ । 

                       ਮੇਰੇ ਵੀਰ ਨੂੰ ਸੁੱਕੀ ਖੰਡ ਪਾਈ , ਸੱਸੇ ਬਘਿਆੜ ਮੂੰਹੀਏ 

ਤੇ ਅਗੋਂ ਸੱਸ ਵੀ ਇਸੇ ਤਰਾਂ ਮੇਹਣੇ ਮਾਰ ਕੇ ਆਪਣੇ ਦਿਲ ਦੀ ਭੜਾਸ ਕੱਢ ਲੈਂਦੀ ਹੈ । ਇਸ ਦਿਨ ਉਹ ਭੈਣਾਂ ਜਿਨਾਂ ਦੇ ਭਰਾ ਨਹੀਂ ਹੁੰਦੇ ਉਹ ਭਾਵੁਕ ਹੋ ਜਾਂਦੀਆਂ ਹਨ ਅਤੇ ਆਪਣੇ ਮਨੋਭਾਵਾਂ ਨੂੰ ਕੁਝ ਇਸ ਤਰਾਂ ਬਿਆਨ ਕਰਦੀਆਂ ਹਨ 

                                ਇੱਕ ਵੀਰ ਦੇਈ ਵੇ ਰੱਬਾ ਸਹੁੰ ਖਾਣ ਨੂੰ ਬੜਾ ਚਿੱਤ ਕਰਦਾ 

 ਕਿਉਂਕਿ ਮਾਂ ਪਿਉ ਤੋਂ ਬਾਅਦ ਭਰਾ ਹੀ ਹੁੰਦੇ ਹਨ ਜੋ ਮਾਪਿਆਂ ਤੋਂ  ਬਾਅਦ ਭੈਣਾਂ ਦਾ ਖਿਆਲ ਰੱਖਦੇ ਹਨ ਅਤੇ ਉਨਾਂ ਦੀ ਸੁੱਖ ਦੁੱਖ ਦੇ ਭਾਈਵਾਲ  ਹੁੰਦੇ ਹਨ । ਭੈਣਾਂ ਅਰਦਾਸ ਕਰਦੀਆਂ ਹੋਈਆਂ ਰੱਬ ਨੂੰ ਇੱਕ ਵੀਰ ਦੇਣ ਲਈ ਅਰਜੋਈ ਕਰਦੀਆਂ ਹਨ । 

                                     ਇੱਕ ਵੀਰ ਦੇਈਂ ਵੇ ਰੱਬਾ ਮੇਰੀ ਸਾਰੀ ਉਮਰ ਦੇ ਮਾਪੇ 

ਅਤੇ ਕੁਝ ਭੈਣਾਂ ਆਪਣੇ ਭਰਾ ਦੀ ਸਿਫਤ ਕੁਝ ਇਸ ਤਰਾਂ ਕਰਦੀਆਂ ਹਨ । ਕਿਉਂਕਿ ਭਰਾ ਉਨਾਂ ਨੂੰ ਬਹੁਤ ਪਿਆਰੇ ਹੁੰਦੇ ਹਨ ਅਤੇ ਭੈਣਾਂ ਉਨਾਂ ਦੀ ਖਾਤਰ ਕੁਝ ਵੀ ਕਰਨ ਲਈ ਤਿਆਰ ਰਹਿੰਦੀਆਂ ਹਨ । 

                                  ਮੇਰਾ ਵੀਰ ਧਨੀਏ ਦਾ ਬੂਟਾ ਆਉਂਦੇ ਜਾਂਦੇ ਵਾਸ਼ਨਾ ਲੈਂਦੇ 

ਇੰਝ ਭੈਣ ਭਰਾ ਦੇ ਇਸ ਪੱਵਿਤਰ ਰਿਸ਼ਤੇ ਦੇ ਪ੍ਰਤੀਕ ਰੱਖੜੀ ਦੇ ਇਸ ਤਿਉਹਾਰ ਦੇ ਮੌਕੇ ਤੇ ਭੈਣਾਂ ਆਪਣੇ ਭਰਾ 'ਤੇ ਉਸਦੀ ਰੱਖਿਆ ਲਈ ਕਲਾਵਾ ਬੰਨਦੀਆਂ ਹਨ ਅਤੇ ਉਸਨੂੰ ਆਪਣੀ ਵੀ ਉਮਰ ਲੱਗ ਜਾਣ ਦੀ ਅਸੀਸ ਦੇਂਦੀਆਂ ਹਨ   । 

- GTC Pollywood

Top Stories