logo
logo

ਦਿਵਿਤ ਔਲਕ ਦੀ ਅੰਤਿਮ ਅਰਦਾਸ ਮੌਕੇ ਭਾਵੁਕ ਹੋਏ ਮਨਕੀਰਤ ਔਲ਼ਖ, ਕਿਹਾ- 'ਦਿਵਿਤ ਦਾ ਦਿਹਾਂਤ ਕਦੇ ਨਾ ਪੂਰਾ ਹੋਣ ਵਾਲਾ ਘਾਟਾ', ਗੁਰਪ੍ਰੀਤ ਘੁੱਗੀ ਵੀ ਹੋਏ ਭਾਵੁਕ

 ਸਪੀਡ ਰਿਕਾਰਡਜ਼ ਦੇ ਮਾਲਕ ਦਿਨੇਸ਼ ਔਲਕ ਦੇ ਛੋਟੇ ਪੁੱਤਰ ਦਿਵਿਤ ਔਲਕ ਦੇ ਅਚਾਨਕ ਦਿਹਾਂਤ ਨੇ ਪੂਰੇ ਪੰਜਾਬੀ ਮਨੋਰੰਜਨ ਜਗਤ ਨੂੰ ਡੂੰਘੇ ਸਦਮੇ ਵਿੱਚ ਪਾ ਦਿੱਤਾ ਹੈ। ਮਹਿਜ਼ 18 ਸਾਲ ਦੀ ਉਮਰ ਵਿੱਚ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਦਿਵਿਤ ਦੀ ਯਾਦ ਵਿੱਚ 5 ਨਵੰਬਰ ਨੂੰ ਜਲੰਧਰ ਵਿਖੇ ਅੰਤਿਮ ਅਰਦਾਸ ਅਤੇ ਭੋਗ ਦਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪੰਜਾਬੀ ਸੰਗੀਤ ਅਤੇ ਫ਼ਿਲਮ ਇੰਡਸਟਰੀ ਦੀਆਂ ਕਈ ਨਾਮੀ ਹਸਤੀਆਂ ਨੇ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

ਮਨਕੀਰਤ ਔਲ਼ਖ ਨੇ ਦਿਵਿਤ ਦੇ ਜਾਣ ਨੂੰ ਦੱਸਿਆ ਕਦੇ ਨਾ ਪੂਰਾ ਹੋਣ ਵਾਲਾ ਘਾਟਾ

ਅੰਤਿਮ ਅਰਦਾਸ ਦੇ ਸਮਾਗਮ ਦੌਰਾਨ ਪੰਜਾਬੀ ਗਾਇਕ ਮਨਕੀਰਤ ਔਲ਼ਖ  ਵੀ ਕਾਫ਼ੀ ਭਾਵੁਕ ਨਜ਼ਰ ਆਏ। ਦਿਵਿਤ ਨੂੰ ਯਾਦ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਉਸ ਦਾ ਇਸ ਤਰ੍ਹਾਂ ਦੁਨੀਆ ਤੋਂ ਚਲੇ ਜਾਣਾ ਇੱਕ ਅਜਿਹਾ ਘਾਟਾ ਹੈ, ਜਿਸ ਨੂੰ ਕਦੇ ਪੂਰਾ ਨਹੀਂ ਕੀਤਾ ਜਾ ਸਕਦਾ। ਇਸ ਦੁੱਖ ਦੀ ਘੜੀ ਵਿੱਚ ਉਨ੍ਹਾਂ ਨੇ ਦਿਨੇਸ਼ ਔਲਕ ਅਤੇ ਪੂਰੇ ਪਰਿਵਾਰ ਨਾਲ ਆਪਣੀ ਹਮਦਰਦੀ ਪ੍ਰਗਟਾਈ।

ਗੁਰਪ੍ਰੀਤ ਘੁੱਗੀ ਵੀ ਹੋਏ ਭਾਵੁਕ

ਇਸ ਮੌਕੇ ਪੰਜਾਬੀ ਅਦਾਕਾਰ ਗੁਰਪ੍ਰੀਤ ਘੁੱਗੀ ਵੀ ਕਾਫ਼ੀ ਭਾਵੁਕ ਨਜ਼ਰ ਆਏ। ਦਿਵਿਤ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਗੁਰਪ੍ਰੀਤ ਘੁੱਗੀ ਦੇ ਚਿਹਰੇ 'ਤੇ ਵੀ ਡੂੰਘੇ ਦੁੱਖ ਦੇ ਭਾਵ ਸਾਫ਼ ਦਿਖਾਈ ਦਿੱਤੇ। ਉਨ੍ਹਾਂ ਨੇ ਇਸ ਔਖੀ ਘੜੀ ਵਿੱਚ ਔਲਕ ਪਰਿਵਾਰ ਨਾਲ ਆਪਣੀ ਹਮਦਰਦੀ ਪ੍ਰਗਟਾਈ।

ਪੰਜਾਬੀ ਇੰਡਸਟਰੀ ਦੀਆਂ ਕਈ ਹਸਤੀਆਂ ਨੇ ਪਰਿਵਾਰ ਨੂੰ ਦਿੱਤਾ ਹੌਸਲਾ

ਦਿਵਿਤ ਔਲਕ ਦੀ ਅੰਤਿਮ ਅਰਦਾਸ ਮੌਕੇ ਪੰਜਾਬੀ ਮਿਊਜ਼ਿਕ ਅਤੇ ਫ਼ਿਲਮ ਇੰਡਸਟਰੀ ਦੇ ਕਈ ਕਲਾਕਾਰਾਂ ਨੇ ਸ਼ਿਰਕਤ ਕੀਤੀ। ਸਾਰੇ ਹੀ ਕਲਾਕਾਰ ਇਸ ਮੁਸ਼ਕਲ ਸਮੇਂ ਵਿੱਚ ਦਿਨੇਸ਼ ਔਲਕ ਅਤੇ ਉਨ੍ਹਾਂ ਦੇ ਪਰਿਵਾਰ ਦੇ ਨਾਲ ਖੜ੍ਹੇ ਦਿਖਾਈ ਦਿੱਤੇ।ਜ਼ਿਕਰਯੋਗ ਹੈ ਕਿ 1 ਨਵੰਬਰ ਨੂੰ ਸੜਕ ਹਾਦਸੇ ਵਿੱਚ ਦਿਵਿਤ ਔਲਕ ਦੀ ਮੌਤ ਹੋ ਗਈ ਸੀ। ਇਸ ਖ਼ਬਰ ਨੇ ਨਾ ਸਿਰਫ਼ ਔਲਕ ਪਰਿਵਾਰ ਸਗੋਂ ਪੰਜਾਬੀ ਸੰਗੀਤ ਜਗਤ ਅਤੇ ਉਨ੍ਹਾਂ ਦੇ ਚਾਹੁਣ ਵਾਲਿਆਂ ਨੂੰ ਵੀ ਗਹਿਰੇ ਸਦਮੇ ਵਿੱਚ ਪਾ ਦਿੱਤਾ ਸੀ। ਅੰਤਿਮ ਅਰਦਾਸ ਮੌਕੇ ਹਰ ਕਿਸੇ ਨੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਅਤੇ ਪਰਿਵਾਰ ਨੂੰ ਇਸ ਦੁੱਖ ਨੂੰ ਸਹਿਣ ਦਾ ਬਲ ਬਖ਼ਸ਼ਣ ਦੀ ਕਾਮਨਾ ਕੀਤੀ।

- GTC Pollywood

Top Stories