logo
logo

‘ਰਾਵਣ ਪੂਰੀ ਤਰ੍ਹਾਂ ਬੁਰਾ ਨਹੀਂ ਸੀ’, ਸਾਈ ਪੱਲਵੀ ਦੇ ਬਿਆਨ ਨੇ ਛੇੜੀ ਨਵੀਂ ਬਹਿਸ, ਸੋਸ਼ਲ ਮੀਡੀਆ ’ਤੇ ਮਿਲ ਰਹੀਆਂ ਮਿਲੀਆਂ-ਜੁਲੀਆਂ ਪ੍ਰਤੀਕਿਰਿਆਵਾਂ

ਬਾਲੀਵੁੱਡ ਦੀ ਆਉਣ ਵਾਲੀ ਵੱਡੀ ਫ਼ਿਲਮ ‘ਰਾਮਾਇਣ’ ਨੂੰ ਲੈ ਕੇ ਦਰਸ਼ਕਾਂ ਵਿੱਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਫ਼ਿਲਮ ਦੀ ਰਿਲੀਜ਼ ਤੋਂ ਪਹਿਲਾਂ ਹੀ ਇਸ ਨਾਲ ਜੁੜੀਆਂ ਕਈ ਗੱਲਾਂ ਚਰਚਾ ਦਾ ਵਿਸ਼ਾ ਬਣ ਰਹੀਆਂ ਹਨ। ਹੁਣ ਫ਼ਿਲਮ ਵਿੱਚ ਮਾਤਾ ਸੀਤਾ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਸਾਈ ਪੱਲਵੀ ਆਪਣੇ ਇੱਕ ਬਿਆਨ ਕਾਰਨ ਸੋਸ਼ਲ ਮੀਡੀਆ ’ਤੇ ਚਰਚਾ ਵਿੱਚ ਆ ਗਈ ਹੈ। 

ਉਸ ਨੇ ਰਾਵਣ ਦੇ ਕਿਰਦਾਰ ਬਾਰੇ ਅਜਿਹੀ ਗੱਲ ਕਹੀ ਹੈ, ਜਿਸ ਤੋਂ ਬਾਅਦ ਲੋਕਾਂ ਵਿਚਕਾਰ ਬਹਿਸ ਛਿੜ ਗਈ ਹੈ।  ਦੱਸ ਦੇਈਏ ਕਿ ਨਿਤੇਸ਼ ਤਿਵਾਰੀ ਦੇ ਨਿਰਦੇਸ਼ਨ ਹੇਠ ਬਣ ਰਹੀ ਫ਼ਿਲਮ ‘ਰਾਮਾਇਣ’ ਦਾ 27 ਅਕਤੂਬਰ ਨੂੰ ਅਮਰੀਕਾ ਵਿੱਚ ਪ੍ਰੀਮੀਅਰ ਰੱਖਿਆ ਗਿਆ ਸੀ। ਇਸ ਮੌਕੇ ਸਾਈ ਪੱਲਵੀ ਨੇ ਫ਼ਿਲਮ ਅਤੇ ਇਸ ਨਾਲ ਜੁੜੇ ਕਿਰਦਾਰਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਗੱਲਬਾਤ ਦੌਰਾਨ ਉਸ ਨੇ ਰਾਵਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਰਾਵਣ ਪੂਰੀ ਤਰ੍ਹਾਂ ਬੁਰਾ ਨਹੀਂ ਸੀ। 

 ਕੀ ਕਿਹਾ ਸਾਈ ਪੱਲਵੀ ਨੇ?

ਸਾਈ ਪੱਲਵੀ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਜੇਕਰ ਕੋਈ ਧਾਰਮਿਕ ਗ੍ਰੰਥਾਂ ਵਿੱਚ ਵਿਸ਼ਵਾਸ ਰੱਖਦਾ ਹੈ ਤਾਂ ਉਸ ਨੂੰ ਆਪਣੇ ਅੰਦਰ ਝਾਤ ਮਾਰਨੀ ਚਾਹੀਦੀ ਹੈ। ਹਰ ਇਨਸਾਨ ਨੂੰ ਆਪਣੇ ਅੰਦਰ ਮੌਜੂਦ ਚੰਗਿਆਈਆਂ ਅਤੇ ਬੁਰਾਈਆਂ ਨੂੰ ਪਛਾਣਨ ਦੀ ਲੋੜ ਹੈ। ਸਮੇਂ ਦੇ ਨਾਲ ਆਪਣੀਆਂ ਕਮੀਆਂ ਨੂੰ ਦੂਰ ਕਰਦੇ ਹੋਏ ਖ਼ੁਦ ਵਿੱਚ ਸੁਧਾਰ ਲਿਆਉਣਾ ਚਾਹੀਦਾ ਹੈ। ਅਦਾਕਾਰਾ ਮੁਤਾਬਕ ਰਾਵਣ ਪੂਰੀ ਤਰ੍ਹਾਂ ਬੁਰਾ ਨਹੀਂ ਸੀ। ਇਸ ਲਈ ਹਰ ਵਿਅਕਤੀ ਲਈ ਜ਼ਰੂਰੀ ਹੈ ਕਿ ਉਹ ਆਪਣੇ ਅੰਦਰ ਮੌਜੂਦ ਬੁਰਾਈਆਂ ਨੂੰ ਪਛਾਣੇ ਅਤੇ ਉਨ੍ਹਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੇ।

ਸੋਸ਼ਲ ਮੀਡੀਆ ’ਤੇ ਦੋ ਹਿੱਸਿਆਂ ਵਿੱਚ ਵੰਡੇ ਲੋਕ

ਸਾਈ ਪੱਲਵੀ ਦੇ ਇਸ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਵੱਖ-ਵੱਖ ਪ੍ਰਤੀਕਿਰਿਆਵਾਂ ਦੇਖਣ ਨੂੰ ਮਿਲ ਰਹੀਆਂ ਹਨ। ਕੁਝ ਲੋਕਾਂ ਨੇ ਉਸ ਦੇ ਵਿਚਾਰਾਂ ਨਾਲ ਅਸਹਿਮਤੀ ਜਤਾਉਂਦਿਆਂ ਕਿਹਾ ਕਿ ਰਾਵਣ ਵਰਗੇ ਕਿਰਦਾਰ ਬਾਰੇ ਅਜਿਹੀ ਟਿੱਪਣੀ ਕਰਨ ਤੋਂ ਬਚਣਾ ਚਾਹੀਦਾ ਹੈ। ਇੱਕ ਯੂਜ਼ਰ ਨੇ ਤਾਂ ਇੱਥੋਂ ਤੱਕ ਲਿਖ ਦਿੱਤਾ ਕਿ ਇੱਕ ਔਰਤ ਵੱਲੋਂ ਔਰਤ ਦੇ ਅਗਵਾ ਕਰਨ ਵਾਲੇ ਦੀ ਤਾਰੀਫ਼ ਕੀਤੀ ਜਾ ਰਹੀ ਹੈ।ਦੂਜੇ ਪਾਸੇ ਕਈ ਲੋਕ ਅਦਾਕਾਰਾ ਦੇ ਹੱਕ ਵਿੱਚ ਵੀ ਸਾਹਮਣੇ ਆਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਾਈ ਪੱਲਵੀ ਦੀ ਗੱਲ ਨੂੰ ਸੰਦਰਭ ਤੋਂ ਵੱਖ ਕਰਕੇ ਨਹੀਂ ਦੇਖਣਾ ਚਾਹੀਦਾ। ਉਹ ਰਾਵਣ ਦੀਆਂ ਬੁਰਾਈਆਂ ਦੀ ਵਕਾਲਤ ਨਹੀਂ ਕਰ ਰਹੀ, ਸਗੋਂ ਇਨਸਾਨ ਦੇ ਅੰਦਰ ਮੌਜੂਦ ਕਮੀਆਂ ਦੀ ਗੱਲ ਕਰ ਰਹੀ ਸੀ। ਕੁਝ ਲੋਕਾਂ ਨੇ ਉਸ ਨੂੰ ਬਿਨਾਂ ਵਜ੍ਹਾ ਟ੍ਰੋਲ ਨਾ ਕਰਨ ਦੀ ਅਪੀਲ ਵੀ ਕੀਤੀ ਹੈ।

ਦੋ ਭਾਗਾਂ ਵਿੱਚ ਰਿਲੀਜ਼ ਹੋਵੇਗੀ ‘ਰਾਮਾਇਣ’

ਫ਼ਿਲਮ ਦੀ ਗੱਲ ਕਰੀਏ ਤਾਂ ਨਿਤੇਸ਼ ਤਿਵਾਰੀ ਦੇ ਨਿਰਦੇਸ਼ਨ ਹੇਠ ਬਣ ਰਹੀ ‘ਰਾਮਾਇਣ’ ਨੂੰ ਦੋ ਭਾਗਾਂ ਵਿੱਚ ਰਿਲੀਜ਼ ਕੀਤਾ ਜਾਵੇਗਾ। ਇਸ ਵੱਡੇ ਬਜਟ ਦੀ ਫ਼ਿਲਮ ਵਿੱਚ ਰਣਬੀਰ ਕਪੂਰ ਭਗਵਾਨ ਸ੍ਰੀ ਰਾਮ ਦੀ ਭੂਮਿਕਾ ਨਿਭਾਅ ਰਹੇ ਹਨ, ਜਦਕਿ ਸਾਈ ਪੱਲਵੀ ਮਾਤਾ ਸੀਤਾ ਦੇ ਕਿਰਦਾਰ ਵਿੱਚ ਨਜ਼ਰ ਆਵੇਗੀ।

ਇਸ ਤੋਂ ਇਲਾਵਾ ਯਸ਼ ਰਾਵਣ, ਸੰਨੀ ਦਿਓਲ ਹਨੂੰਮਾਨ, ਰਵੀ ਦੁਬੇ ਲਕਸ਼ਮਣ ਅਤੇ ਰਕੁਲ ਪ੍ਰੀਤ ਸਿੰਘ ਵੀ ਅਹਿਮ ਭੂਮਿਕਾਵਾਂ ਵਿੱਚ ਦਿਖਾਈ ਦੇਣਗੇ। ਫ਼ਿਲਮ ਵਿੱਚ ਅਰੁਣ ਗੋਵਿਲ, ਵਿਵੇਕ ਓਬਰਾਏ ਅਤੇ ਲਾਰਾ ਦੱਤਾ ਵੀ ਨਜ਼ਰ ਆਉਣਗੇ। ਨਮਿਤ ਮਲਹੋਤਰਾ ਇਸ ਫ਼ਿਲਮ ਦੇ ਨਿਰਮਾਤਾ ਹਨ।

ਹੁਣ ਸਾਈ ਪੱਲਵੀ ਦੇ ਇਸ ਬਿਆਨ ਨੇ ਫ਼ਿਲਮ ਦੀ ਚਰਚਾ ਨੂੰ ਹੋਰ ਵਧਾ ਦਿੱਤਾ ਹੈ ਅਤੇ ਦੇਖਣਾ ਦਿਲਚਸਪ ਹੋਵੇਗਾ ਕਿ ਆਉਣ ਵਾਲੇ ਸਮੇਂ ਵਿੱਚ ਇਸ ਨੂੰ ਲੈ ਕੇ ਦਰਸ਼ਕਾਂ ਦੀ ਕੀ ਪ੍ਰਤੀਕਿਰਿਆ ਰਹਿੰਦੀ ਹੈ।

- GTC Pollywood

Top Stories