logo
logo

ਸਪੀਡ ਰਿਕਾਰਡਜ਼ ਦੇ ਮਾਲਕ ਦਿਨੇਸ਼ ਔਲਕ ਦੇ ਪੁੱਤ ਦਾ 3 ਨਵੰਬਰ ਨੂੰ ਹੋਵੇਗਾ ਅੰਤਿਮ ਸਸਕਾਰ, ਸੜਕ ਹਾਦਸੇ ‘ਚ ਗਈ ਸੀ ਜਾਨ

ਪੰਜਾਬ ਦੇ ਜਲੰਧਰ ਵਿੱਚ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਨੇ ਪੰਜਾਬੀ ਸੰਗੀਤ ਜਗਤ ਅਤੇ ਦੋ ਪਰਿਵਾਰਾਂ ਨੂੰ ਗਹਿਰੇ ਸਦਮੇ ਵਿੱਚ ਪਾ ਦਿੱਤਾ ਹੈ। ਐਤਵਾਰ ਤੜਕਸਾਰ ਪੁਲਿਸ ਲਾਈਨ ਨੇੜੇ ਫਲਾਈਓਵਰ ’ਤੇ ਵਾਪਰੇ ਇਸ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਜਾਨ ਚਲੀ ਗਈ। ਮ੍ਰਿਤਕਾਂ ਵਿੱਚ ਮਸ਼ਹੂਰ ਪੰਜਾਬੀ ਮਿਊਜ਼ਿਕ ਕੰਪਨੀ ਸਪੀਡ ਰਿਕਾਰਡਜ਼ ਦੇ ਮਾਲਕ ਦਿਨੇਸ਼ ਔਲਕ ਦਾ ਪੁੱਤਰ ਦਿਵਿਤ ਔਲਕ ਵੀ ਸ਼ਾਮਲ ਸੀ।

ਜਾਣਕਾਰੀ ਮੁਤਾਬਕ ਦਿਵਿਤ ਔਲਕ ਆਪਣੇ ਦੋਸਤ ਆਰਵ ਤਲਵਾਰ ਨਾਲ ਜਨਮਦਿਨ ਦੀ ਪਾਰਟੀ ਤੋਂ ਵਾਪਸ ਘਰ ਜਾ ਰਿਹਾ ਸੀ। ਦੋਵੇਂ ਨੌਜਵਾਨ ਇੱਕ ਫੌਕਸਵੈਗਨ ਕਾਰ ਵਿੱਚ ਸਵਾਰ ਸਨ। ਜਦੋਂ ਉਨ੍ਹਾਂ ਦੀ ਕਾਰ ਬੀਐੱਮਸੀ ਚੌਕ ਤੋਂ ਬੀਐੱਸਐੱਫ ਚੌਕ ਵੱਲ ਜਾ ਰਹੀ ਸੀ ਤਾਂ ਪੁਲਿਸ ਲਾਈਨ ਨੇੜੇ ਫਲਾਈਓਵਰ ’ਤੇ ਖੜ੍ਹੀ ਨਗਰ ਨਿਗਮ ਦੀ ਟਰੈਕਟਰ-ਟਰਾਲੀ ਨਾਲ ਪਿੱਛਿਓਂ ਟਕਰਾ ਗਈ। ਟੱਕਰ ਇੰਨੀ ਭਿਆਨਕ ਸੀ ਕਿ ਦੋਵਾਂ ਨੌਜਵਾਨਾਂ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ।

ਹਾਦਸੇ ਸਮੇਂ ਕਾਰ ਵਿੱਚ ਸਨ ਪੰਜ ਨੌਜਵਾਨ

ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਕਾਰ ਵਿੱਚ ਕੁੱਲ ਪੰਜ ਨੌਜਵਾਨ ਸਵਾਰ ਸਨ। ਹਾਦਸੇ ਵਿੱਚ ਦੋ ਦੀ ਮੌਤ ਹੋ ਗਈ, ਜਦਕਿ ਬਾਕੀ ਤਿੰਨ ਨੌਜਵਾਨ ਮੌਕੇ ਤੋਂ ਆਪਣੇ ਘਰ ਚਲੇ ਗਏ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਸਮੇਂ ਨਗਰ ਨਿਗਮ ਦੇ ਸਫ਼ਾਈ ਕਰਮਚਾਰੀ ਫਲਾਈਓਵਰ ’ਤੇ ਕੰਮ ਕਰ ਰਹੇ ਸਨ ਅਤੇ ਕੂੜਾ ਇਕੱਠਾ ਕਰਨ ਲਈ ਟਰੈਕਟਰ-ਟਰਾਲੀ ਉੱਥੇ ਖੜ੍ਹੀ ਕੀਤੀ ਗਈ ਸੀ।

ਥਾਣਾ ਬਾਰਾਂਦਰੀ ਦੇ ਐੱਸਐੱਚਓ ਸਾਹਿਲ ਚੌਧਰੀ ਮੁਤਾਬਕ ਪੁਲਿਸ ਨੂੰ ਹਾਦਸੇ ਦੀ ਸੂਚਨਾ ਤੜਕੇ ਕਰੀਬ 3 ਵਜੇ ਮਿਲੀ ਸੀ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ। ਦੋਵਾਂ ਨੌਜਵਾਨਾਂ ਦੇ ਪਰਿਵਾਰਾਂ ਵੱਲੋਂ ਪੁਲਿਸ ਕਾਰਵਾਈ ਨਾ ਕਰਵਾਉਣ ਦੀ ਗੱਲ ਕਹਿਣ ਤੋਂ ਬਾਅਦ ਲਾਸ਼ਾਂ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ।

ਭਤੀਜੇ ਦੀ ਮੌਤ ਨਾਲ ਟੁੱਟੇ ਹਨੀ ਸਿੰਘ, ਸਾਂਝੀ ਕੀਤੀ ਭਾਵੁਕ ਪੋਸਟ

ਇਸ ਦੁਖਦਾਈ ਘਟਨਾ ਤੋਂ ਬਾਅਦ ਗਾਇਕ ਯੋ ਯੋ ਹਨੀ ਸਿੰਘ ਨੇ ਵੀ ਸੋਸ਼ਲ ਮੀਡੀਆ ’ਤੇ ਆਪਣਾ ਦਰਦ ਬਿਆਨ ਕੀਤਾ। ਦਿਵਿਤ ਔਲਕ ਉਨ੍ਹਾਂ ਦਾ ਭਤੀਜਾ ਸੀ। ਹਨੀ ਸਿੰਘ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਵਿੱਚ ਲਿਖਿਆ, "It's a dark decade for me. Loss of my nephew is devastating. Bhole Nath, mehr, mehr, mehr."

ਆਪਣੇ ਇਸ ਸੰਦੇਸ਼ ਰਾਹੀਂ ਗਾਇਕ ਨੇ ਦੱਸਿਆ ਕਿ ਭਤੀਜੇ ਨੂੰ ਗੁਆਉਣ ਦਾ ਦੁੱਖ ਉਨ੍ਹਾਂ ਲਈ ਬੇਹੱਦ ਅਸਹਿਣਯੋਗ ਹੈ। ਉਨ੍ਹਾਂ ਨੇ ਭੋਲੇਨਾਥ ਅੱਗੇ ਮਿਹਰ ਦੀ ਅਰਦਾਸ ਵੀ ਕੀਤੀ।

3 ਨਵੰਬਰ ਨੂੰ ਹੋਵੇਗਾ ਦਿਵਿਤ ਔਲਕ ਦਾ ਅੰਤਿਮ ਸਸਕਾਰ

ਸਪੀਡ ਰਿਕਾਰਡਜ਼ ਵੱਲੋਂ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਦਿਵਿਤ ਔਲਕ ਦਾ ਅੰਤਿਮ ਸਸਕਾਰ 3 ਨਵੰਬਰ 2026, ਮੰਗਲਵਾਰ ਨੂੰ ਦੁਪਹਿਰ 1 ਵਜੇ ਜਲੰਧਰ ਦੇ ਮਾਡਲ ਟਾਊਨ ਸਥਿਤ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ।

ਦਿਵਿਤ ਔਲਕ, ਦਿਨੇਸ਼ ਔਲਕ ਅਤੇ ਬਬੀਤਾ ਔਲਕ ਦੇ ਇਕਲੌਤੇ ਲਾਡਲੇ ਪੁੱਤਰ ਸਨ। ਉਨ੍ਹਾਂ ਦਾ ਜਨਮ 18 ਮਾਰਚ 2008 ਨੂੰ ਹੋਇਆ ਸੀ। ਮਹਿਜ਼ 18 ਸਾਲ ਦੀ ਉਮਰ ਵਿੱਚ ਇਸ ਦੁਨੀਆ ਤੋਂ ਰੁਖ਼ਸਤ ਹੋਏ ਦਿਵਿਤ ਦੀ ਮੌਤ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸ ਘਟਨਾ ਤੋਂ ਬਾਅਦ ਪੰਜਾਬੀ ਸੰਗੀਤ ਜਗਤ ਦੀਆਂ ਕਈ ਸ਼ਖ਼ਸੀਅਤਾਂ ਅਤੇ ਲੋਕਾਂ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ।

ਪਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਦੇਣ।

- GTC Pollywood

Top Stories