logo
logo

ਯਸ਼ ਦੇ 7 ਸਾਲਾ ਬੇਟੇ ਦੀਆਂ ਅੱਖਾਂ ’ਚ ਆਏ ਹੰਝੂ, ‘ਰਾਮਾਇਣ’ ’ਚ ਜਟਾਯੂ ਵਾਲਾ ਸੀਨ ਦੇਖ ਪਿਤਾ ਨੂੰ ਪੁੱਛਿਆ ਮਾਸੂਮ ਸਵਾਲ

ਫ਼ਿਲਮਾਂ ਵਿੱਚ ਕਈ ਵਾਰ ਅਜਿਹੇ ਦ੍ਰਿਸ਼ ਹੁੰਦੇ ਹਨ, ਜੋ ਦਰਸ਼ਕਾਂ ਦੇ ਦਿਲ ਨੂੰ ਛੂਹ ਜਾਂਦੇ ਹਨ। ਅਜਿਹਾ ਹੀ ਇੱਕ ਭਾਵੁਕ ਪਲ ਫ਼ਿਲਮ ‘ਰਾਮਾਇਣ’ ਦੇ ਵਰਲਡ ਪ੍ਰੀਮੀਅਰ ਦੌਰਾਨ ਦੇਖਣ ਨੂੰ ਮਿਲਿਆ, ਜਦੋਂ ਅਦਾਕਾਰ ਯਸ਼ ਦੇ 7 ਸਾਲਾ ਬੇਟੇ ਯਥਾਰਵ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਫ਼ਿਲਮ ਵਿੱਚ ਆਪਣੇ ਪਿਤਾ ਨੂੰ ਰਾਵਣ ਦੇ ਕਿਰਦਾਰ ਵਿੱਚ ਜਟਾਯੂ ’ਤੇ ਹਮਲਾ ਕਰਦੇ ਦੇਖ ਕੇ ਬੱਚਾ ਭਾਵੁਕ ਹੋ ਗਿਆ ਅਤੇ ਉਸ ਨੇ ਯਸ਼ ਨੂੰ ਅਜਿਹਾ ਸਵਾਲ ਪੁੱਛਿਆ, ਜਿਸ ਨੇ ਉੱਥੇ ਮੌਜੂਦ ਲੋਕਾਂ ਦਾ ਦਿਲ ਜਿੱਤ ਲਿਆ।

ਦੱਸ ਦੇਈਏ ਕਿ ਨਿਤੇਸ਼ ਤਿਵਾਰੀ ਦੇ ਨਿਰਦੇਸ਼ਨ ਹੇਠ ਬਣੀ ਫ਼ਿਲਮ ‘ਰਾਮਾਇਣ’ ਇਸ ਸਾਲ ਦੀਆਂ ਸਭ ਤੋਂ ਚਰਚਿਤ ਫ਼ਿਲਮਾਂ ਵਿੱਚੋਂ ਇੱਕ ਹੈ। ਫ਼ਿਲਮ ਵਿੱਚ ਰਣਬੀਰ ਕਪੂਰ ਭਗਵਾਨ ਰਾਮ, ਸਾਈ ਪੱਲਵੀ ਮਾਤਾ ਸੀਤਾ ਅਤੇ ਯਸ਼ ਰਾਵਣ ਦੀ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਦੀ ਰਿਲੀਜ਼ ਤੋਂ ਪਹਿਲਾਂ 27 ਅਕਤੂਬਰ ਨੂੰ ਲਾਸ ਏਂਜਲਸ ਦੇ ਅਕੈਡਮੀ ਮਿਊਜ਼ੀਅਮ ਵਿੱਚ ਇਸ ਦਾ ਵਰਲਡ ਪ੍ਰੀਮੀਅਰ ਰੱਖਿਆ ਗਿਆ, ਜਿੱਥੇ ਯਸ਼ ਆਪਣੇ ਬੱਚਿਆਂ ਆਇਰਾ ਅਤੇ ਯਥਾਰਵ ਨਾਲ ਪਹੁੰਚੇ ਸਨ।

ਬੇਟੇ ਨੇ ਯਸ਼ ਨੂੰ ਪੁੱਛਿਆ ਮਾਸੂਮ ਸਵਾਲ

ਫ਼ਿਲਮ ਦੇਖਣ ਤੋਂ ਬਾਅਦ ਯਸ਼ ਨੇ ਆਪਣੇ ਬੱਚਿਆਂ ਦੀ ਪ੍ਰਤੀਕਿਰਿਆ ਬਾਰੇ ਗੱਲ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਮਨ ਵਿੱਚ ਕਈ ਸਵਾਲ ਸਨ। ਯਸ਼ ਮੁਤਾਬਕ ਬੱਚੇ ਅਜੇ ਜ਼ਿੰਦਗੀ ਨੂੰ ਸਮਝਣਾ ਸਿੱਖ ਰਹੇ ਹਨ ਅਤੇ ਉਨ੍ਹਾਂ ਲਈ ਇਹ ਜਾਣਨਾ ਮਹੱਤਵਪੂਰਨ ਹੈ ਕਿ ਦੂਜਿਆਂ ਨਾਲ ਕਿਵੇਂ ਵਿਵਹਾਰ ਕਰਨਾ ਹੈ ਅਤੇ ਸਾਰਿਆਂ ਦਾ ਸਤਿਕਾਰ ਕਿਵੇਂ ਕਰਨਾ ਹੈ।ਇਸ ਦੌਰਾਨ ਸਭ ਤੋਂ ਭਾਵੁਕ ਪਲ ਉਸ ਸਮੇਂ ਆਇਆ, ਜਦੋਂ ਫ਼ਿਲਮ ਵਿੱਚ ਰਾਵਣ ਵੱਲੋਂ ਜਟਾਯੂ ਨੂੰ ਮਾਰਨ ਵਾਲਾ ਦ੍ਰਿਸ਼ ਦਿਖਾਇਆ ਗਿਆ। ਯਸ਼ ਦੇ ਬੇਟੇ ਯਥਾਰਵ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਉਸ ਨੇ ਆਪਣੇ ਪਿਤਾ ਨੂੰ ਕਿਹਾ ਕਿ ਉਸ ਨੂੰ ਇਹ ਬਿਲਕੁਲ ਚੰਗਾ ਨਹੀਂ ਲੱਗਿਆ ਕਿ ਉਨ੍ਹਾਂ ਨੇ ਉਸ ਪੰਛੀ ਨੂੰ ਮਾਰ ਦਿੱਤਾ।

ਸਾਈ ਪੱਲਵੀ ਨੇ ਵੀ ਸਾਂਝਾ ਕੀਤਾ ਕਿੱਸਾ

ਫ਼ਿਲਮ ਵਿੱਚ ਮਾਤਾ ਸੀਤਾ ਦਾ ਕਿਰਦਾਰ ਨਿਭਾਅ ਰਹੀ ਸਾਈ ਪੱਲਵੀ ਨੇ ਵੀ ਇਸ ਪਲ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਯਥਾਰਵ ਜਾਣਦਾ ਹੈ ਕਿ ਰਾਵਣ ਦਾ ਕਿਰਦਾਰ ਨਿਭਾਉਣ ਵਾਲੇ ਯਸ਼ ਉਸ ਦੇ ਪਿਤਾ ਹਨ ਅਤੇ ਉਹ ਸਿਰਫ਼ ਅਦਾਕਾਰੀ ਕਰ ਰਹੇ ਹਨ। ਇਸ ਦੇ ਬਾਵਜੂਦ ਬੱਚੇ ਨੇ ਕਿਹਾ ਕਿ ਫ਼ਿਲਮ ਵਿੱਚ ਵੀ ਕਿਸੇ ਪੰਛੀ ਨੂੰ ਮਾਰਨਾ ਠੀਕ ਨਹੀਂ ਹੈ ਅਤੇ ਉਸ ਦੇ ਪਿਤਾ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ।ਸਾਈ ਪੱਲਵੀ ਨੇ ਇਸ ਘਟਨਾ ਨੂੰ ਬੇਹੱਦ ਪਿਆਰਾ ਅਤੇ ਭਾਵੁਕ ਪਲ ਦੱਸਿਆ। ਯਥਾਰਵ ਦੀ ਇਸ ਮਾਸੂਮ ਪ੍ਰਤੀਕਿਰਿਆ ਨੇ ਦਿਖਾਇਆ ਕਿ ਬੱਚਿਆਂ ਦੇ ਮਨ ਵਿੱਚ ਜੀਵਾਂ ਪ੍ਰਤੀ ਕਿੰਨੀ ਦਇਆ ਅਤੇ ਪਿਆਰ ਹੁੰਦਾ ਹੈ।

‘ਰਾਮਾਇਣ’ ਦੀ ਐਡਵਾਂਸ ਬੁਕਿੰਗ ਨੂੰ ਮਿਲ ਰਿਹਾ ਜ਼ਬਰਦਸਤ ਹੁੰਗਾਰਾ

ਦੂਜੇ ਪਾਸੇ, ਫ਼ਿਲਮ ਦੀ ਐਡਵਾਂਸ ਬੁਕਿੰਗ ਵੀ ਚਰਚਾ ਵਿੱਚ ਹੈ। ਰਿਪੋਰਟਾਂ ਮੁਤਾਬਕ, ਲਾਸ ਏਂਜਲਸ ਵਿੱਚ ਵਰਲਡ ਪ੍ਰੀਮੀਅਰ ਤੋਂ ਬਾਅਦ 24 ਘੰਟਿਆਂ ਦੇ ਅੰਦਰ ਫ਼ਿਲਮ ਦੀ ਕਮਾਈ ਵਿੱਚ 27 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ। ਸ਼ੁੱਕਰਵਾਰ ਤੱਕ ਵਿਦੇਸ਼ਾਂ ਵਿੱਚ ਇਸ ਦੀ ਐਡਵਾਂਸ ਬੁਕਿੰਗ 2.5 ਮਿਲੀਅਨ ਡਾਲਰ ਤੱਕ ਪਹੁੰਚ ਗਈ ਸੀ, ਜਿਸ ਵਿੱਚੋਂ ਇੱਕ ਮਿਲੀਅਨ ਡਾਲਰ ਤੋਂ ਵੱਧ ਦੀ ਕਮਾਈ ਇਕੱਲੇ ਅਮਰੀਕਾ ਦੇ ਪੇਡ ਪ੍ਰੀਵਿਊਜ਼ ਤੋਂ ਹੋਈ।ਦੱਸਿਆ ਜਾ ਰਿਹਾ ਹੈ ਕਿ ਰਿਲੀਜ਼ ਤੋਂ ਪੰਜ ਦਿਨ ਪਹਿਲਾਂ ਹੀ ਫ਼ਿਲਮ ਦੀ ਦੁਨੀਆ ਭਰ ਵਿੱਚ ਐਡਵਾਂਸ ਬੁਕਿੰਗ 40 ਕਰੋੜ ਰੁਪਏ ਤੋਂ ਪਾਰ ਹੋ ਗਈ ਸੀ। ਉੱਤਰੀ ਅਮਰੀਕਾ ਵਿੱਚ 4 ਨਵੰਬਰ ਨੂੰ ਪੇਡ ਪ੍ਰੀਵਿਊਜ਼ ਰੱਖੇ ਗਏ ਹਨ, ਜਦਕਿ ਫ਼ਿਲਮ 5 ਨਵੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣੀ ਹੈ।

- GTC Pollywood

Top Stories